ਅੱਜ 23-7-2017
ਨੂੰ ਭਾਸ਼ਾ ਵਿਭਾਗ ਪੰਜਾਬ ਦੇ ਆਡੀਟੋਰੀਅਮ ਵਿਚ ਸਾਵਣ ਮਹੀਨੇ ਤੇ ਹੋਈ ਕਾਵਿ ਗੋਸ਼ਟੀ ਵਿਚ ਪੜ੍ਹੀ ਕਵਿਤਾ
ਸਾਵਣ
ਸਖੀ,
ਨੀਅਤ ਦੇ ਭੁੱਖੇ ਸਮਾਜ ਵਿਚ ਅੱਜ ਤੱਕ
ਕਦੇ ਵੀ ਸਾਵਣ ਆਇਆ ਨ੍ਹਾ ।
ਆਪਣੀ ਭੁੱਖ ਮਿਟਾਉਣ ਲਈ
ਕੁਲ-ਜਾਈ ਧਰਤੀ ਦੀ ਕੁੱਖ ਦਾ ਪਾਣੀ ਸੁਕਾ ਦਿੱਤਾ
ਸਖੀ,
ਹੁਣ ਤਾਂ ਸਾਵਣ ਵੀ
ਧਰਤੀ ਦੀ ਤ੍ਰੇਹ ਮੁਕਾਵੇ ਨ੍ਹਾ ।
ਕਿਸ ਦੇ ਘਰ ਆਇਆ ਹੈ ਸਾਵਣ ?
ਕੁੱਖ ਵਿਚ ਮਰਦੀ ਕੁੜੀ ਦੇ ਚਿਹਰੇ
ਜ਼ਿਮੀਦਾਰੀ ਦੀ ਕੰਗਾਲੀ ਵਿਚ
ਖ਼ੁਸ਼ਹਾਲ ਹੁੰਦੀ ਮੌਤ ਦੇ ਵਿਹੜੇ
ਜਾਂ ਕਿਸਾਨ, ਮਜ਼ਦੂਰ ਦੀ ਨਿੱਤ ਹੁੰਦੀ
ਆਤਮ ਹੱਤਿਆ ਦੇ ਸਿਵੇ ਤੇ
ਕਿਤੇ ਵੀ ਮਾਤਮ ਮੁੱਕਿਆ ਨ੍ਹਾ ।
ਸਖੀ,
ਮੈਂ ਫਿਰ ਕਿਵੇਂ ਤੇ ਕਿਹੜੇ ਸਾਵਣ ਦੀ ਗੱਲ ਕਰਾਂ ?
ਇਹ ਸਾਵਣ ਤਾਂ ਕਿਤੇ ਵੀ ਆਇਆ ਨ੍ਹਾ ।
ਕਮਲ ਦੇ ਹੱਛੇ ਦਿਨਾਂ ਦੀ ਆਸ ਤਾਂ
ਹਿੰਦੂਤਵ ਤ੍ਰਿਸ਼ੂਲ ਦਾ ਤਾਂਡਵ ਖਾ ਗਿਆ
ਸਰਕਾਰੀ ਭੀੜ ਤੰਤਰ ਦਾ ਦੈਂਤ ਦਹਿਸ਼ਤਵਾਦ
ਹਲਕਾਇਆ ਹਿੰਦੂਤਵਾ ਦੇ ਨਾਅਰੇ ਨਾਲ
ਘੱਟ ਗਿਣਤੀਆਂ ਲਈ ਕਫ਼ਨ ਲਈ ਖੜ੍ਹਾ ਹੈ
ਭਾਰਤ ਨੂੰ 'ਹਿੰਦੂਸਤਾਨ' ਬਣਾ ਦੇਣ ਲਈ
ਤੇਰਾ ਮੇਰਾ ਸਭ ਦਾ ਰੱਤ ਪੀਣ ਲਈ
ਲਹੂ ਦੇ ਸਾਵਣ ਦੀਆਂ ਝੜੀਆਂ ਲਾਉਣ ਤੇ ਅੜਿਆ ਹੈ।
ਹੇ ਸਖੀ,
ਮੇਰੇ ਭਾਰਤ ਵਿਚ ਕਿਤੇ ਵੀ
ਹੱਛੇ ਦਿਨਾਂ ਦਾ ਸਾਵਣ ਤਾਂ ਆਇਆ ਨ੍ਹਾ ।
ਸੱਤਾ ਤੇ ਵਿਵਸਥਾ
ਧਰਮ ਤੇ ਸਮਾਜੀ ਸਭਿਆਚਾਰ
ਤੂੰ ਹੀ ਦਸ ਮੈਂ ਕਿਹੜੇ ਸਾਵਣ ਦੀ ਗੱਲ ਕਰਾਂ
ਵਿੱਦਿਆ ਦੀ ਅਵਿੱਦਿਆ ਨੇ ਪੀੜ੍ਹੀ ਨੂੰ
ਜੜ੍ਹੋਂ ਪੁੱਟਿਆ ਇਨਸਾਨ ਬਣਾ ਤਾਂ
ਕਾਲੇ ਕਾਨੂੰਨਾਂ ਦਾ ਮਾਰਿਆ
ਮੈਂ ਤਾਂ ਪਹਿਲਾਂ ਹੀ ਜਲਾਵਤਨ
"ਬਲੈਕ ਪ੍ਰਿੰਸ" ਹਾਂ ।
ਮੇਰੀ ਸਖੀ
ਮੇਰੇ ਪੰਜਾਬ ਦੇ ਵਿਹੜੇ ਕਦੇ ਤਾਂ
ਹੱਕਾਂ ਦਾ ਸਾਵਣ ਆਵੇਗਾ
ਤੂੰ ਮੰਨੇ ਚਾਹੇ ਨ੍ਹਾ ਮੰਨੇ ਪਰ ਇਹ ਯਕੀਨੀ ਹੈ
ਨਾਨਕਸ਼ਾਹੀ ਝੜੀ ਦਾ ਸਾਵਣ
ਵਿਨਾਸ਼ਕਾਰੀ ਧੁੰਦ ਨੂੰ ਮੁਕਾਉਣ ਲਈ
ਉਮਡ ਘੁਮੜ ਕੇ ਨਗਾਰੇ ਵਾਂਗ ਚੜ੍ਹੇਗਾ।
ਮੇਰੀਆਂ ਆਂਦਰਾਂ ਦਾ ਲਾਲਚ ਤਾਂ
ਮਾਇਆਧਾਰੀ ਬਣ ਵੀ ਮੁੱਕਿਆ ਨ੍ਹਾ
ਅਤਿੰਦਰਾਂ, ਤੂੰ ਤਾਂ ਬੰਦਾ ਹੋ ਕੇ ਵੀ
ਕੁਦਰਤ ਦਾ ਹਾਣੀ ਬਣਿਆ ਨ੍ਹਾ
ਤੇਰੇ ਮੇਰੇ ਘਰੇ ਮਿੱਤਰਾ
ਇਸੇ ਕਰ ਕੇ ਸਾਵਣ ਚੜ੍ਹਿਆ ਨ੍ਹਾ ।
ਹੇ ਮੇਰੀ ਸਖੀ "ਕੁਦਰਤੀ ਰਜਾ"
ਆਪਣੇ ਹੁਕਮ ਦੇ ਸਾਵਣ ਵਿਚ ਤੂੰ
ਮੈਨੂੰ ਆਪਣੀ ਖੰਡੇ ਦੀ ਬੁੱਕਲ ਵਿਚ
ਲੈ ਲੈ ਨਾ
ਮੈਂ ਤੇਰੀਆਂ ਰਹਿਮਤਾਂ ਤੋਂ ਸੱਖਣਾ
ਬਿਨਾ ਸਾਵਣ ਮ੍ਰਿਗ ਤ੍ਰਿਸ਼ਨਾ ਬਣ
ਕਿਉਂ ਭਟਕਦਾ ਹਾਂ ?
ਤੇਰੀ ਕੁਦਰਤ ਵਿਚ ਤੇਰਾ ਹੀ ਜਾਇਆ
ਮੈਂ ਹਮੇਸ਼ਾ ਸੋਕੇ ਵਿਚ ਕਿਉਂ ਮਰਦਾ ਹਾਂ ?
ਮੈਂ ਹਮੇਸ਼ਾ ਆਤਮ ਹੱਤਿਆ ਕਿਉਂ ਕਰਦਾ ਹਾਂ ?
ਮੈਂ ਹਾਕਮ ਦੇ ਹੱਥੋਂ
ਨਿੱਤ ਕਿਉਂ ਜਿਊਂਦਾ ਸੜਦਾ ਹਾਂ ?
ਮੈਂ ਧਰਤੀ ਪੁੱਤਰ ਤੇਰਾ ਕਿਸਾਨ ਹਾਂ
ਮਜ਼ਦੂਰ ਹਾਂ, ਜਨਨੀ ਹਾਂ
ਵਿਵਸਥਾ ਰਾਹੀਂ ਭਰੂਣ ਹੱਤਿਆ ਵਿਚ
ਕਿਉਂ ਮਰਦਾ ਹਾਂ.......
ਕਿਉਂ ਮਰਦਾ ਹਾਂ.......
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
No comments:
Post a Comment