Friday, 28 July 2017

ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ

ਅਸ਼ਲੀਲਤਾ ਦੇ ਨਾਮ ਤੇ ਧੜੇਬਾਜ਼ਾਂ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਢੁੱਚਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸਿਧਾਂਤ ਅਨੁਸਾਰ:
"ਮਾਰੂ ਮਹਲਾ 1 ॥ ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥ ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥1॥"/1013
ਮਾਂ ਤੇ ਪਿਉ ਦੇ (ਸਰੀਰਕ) ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ, ਮਾਂ ਦਾ ਲਹੂ ਤੇ ਪਿਉ ਦਾ ਵੀਰਜ ਮਿਲਣ ਤੇ ਪਰਮਾਤਮਾ (ਜੀਵ ਦਾ) ਸਰੀਰ ਬਣਾਂਦਾ ਹੈ । ਮਾਂ ਦੇ ਪੇਟ ਵਿਚ ਉਲਟੇ ਪਏ ਹੋਏ ਦੀ ਲਗਨ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ । ਉਹ ਪਰਮਾਤਮਾ ਇਸ ਦੀ ਹਰ ਤਰ੍ਹਾਂ ਸੰਭਾਲ ਕਰਦਾ ਹੈ (ਤੇ ਲੋੜ ਅਨੁਸਾਰ ਪਦਾਰਥ) ਦੇਂਦਾ ਹੈ ।1।/ਸ੍ਰੀ ਗੁਰੂ ਗਰੰਥ ਸਾਹਿਬ ਦਰਪਣ-ਪ੍ਰੋ ਸਾਹਿਬ ਸਿੰਘ ਜੀ
ਅੰਮ੍ਰਿਤ ਸੰਚਾਰ ਤੇ ਅੱਧੀ ਦਰਜਨ ਸਵਾਲ ਕਰਨ ਅਤੇ ਉਪਰੰਤ ਨਿੱਤਨੇਮ ਦੀਆਂ ਬਾਣੀਆਂ ਉੱਪਰ 7 ਵਾਰ ਕਿੰਤੂ ਪ੍ਰੰਤੂ ਖੜ੍ਹਾ ਕਰਨ ਵਾਲੇ ਵਿਅਕਤੀ ਨੂੰ, ਜਦੋਂ ਮੈਂ ਨਿਰਉੱਤਰ ਕਰ ਦਿੱਤਾ ਅਤੇ ਉਸ ਦੇ ਸਭ ਸਵਾਲਾਂ ਦੇ ਜਵਾਬ ਸਮੇਤ ਪ੍ਰਮਾਣ ਦੇ ਦਿੱਤੇ ਤਾਂ ਫਿਰ ਉ ਸ ਵਿਅਕਤੀ ਨੇ ਮੈਨੂੰ ਉਪਰੋਕਤ ਫ਼ੋਟੋ ਵਿਚ ਦਰਜ ਸਵਾਲ ਕੀਤਾ । ਜਿਸ ਦਾ ਮੈਨ ਉਪਰੋਕਤ ਫ਼ੋਟੋ ਵਿਚ ਹੀ ਦਰਜ ਜਵਾਬ ਦਿੱਤਾ। ਸਮੂਹ ਸੰਗਤ ਤੋਂ ਦਾਸ ਨੇ ਪੁੱਛਿਆ ਕਿ ਕਿਸੇ ਹੋਰ ਜਗਿਆਸੂ ਦਾ ਕੋਈ ਸਵਾਲ ਹੈ ਤਾਂ ਉਹ ਕਰ ਸਕਦਾ ਹੈ ? ਸਭ ਨੇ ਜਵਾਬ ਦਿੱਤਾ ਕਿ ਨਹੀਂ। ਮੇਰਾ ਭਾਸ਼ਣ 45 ਮਿੰਟ ਦਾ ਸੀ ਅਤੇ ਸਵਾਲ ਜਵਾਬ ਵਿਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਲਗਭਗ ਢਾਈ ਘੰਟੇ ਟਿਕ ਕੇ ਹੋਰ ਬੈਠੀ ਰਹੀ।
ਬਾਹਰ ਆਨ ਕੇ ਬਹੁਤ ਸਾਰੇ ਗੁਰੂ ਕੇ ਸਿੱਖਾਂ ਨੇ ਦਾਸ ਨੂੰ ਕਿਹਾ ਕਿ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਹੋਇਆ ਹੈ ਅਤੇ ਬਹੁਤ ਅਨੰਦ ਆਇਆ। ਅਸਲ ਅਤੇ ਗੁਰਬਾਣੀ ਅਨੁਸਾਰ ਗਿਆਨ ਵਿਚ ਵਾਧਾ ਹੋਇਆ।
ਇਹ ਪ੍ਰੋਗਰਾਮ ਵੈਸਾਖੀ ਵਾਲੇ ਦਿਨ ਪਿੰਡ ਕਾਲਰਾ, ਨੇੜੇ ਆਦਮ ਪੁਰ ਵਿਖੇ ਸੀ।
ਬੜਾ ਅਫ਼ਸੋਸ ਹੋਇਆ ਕਿ ਮੈਨੂੰ ਹੁਣ ਉੱਥੋਂ ਇਹ ਫ਼ੋਨ ਉਪਰ ਸੁਣਨਾ ਪਿਆ  ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਕੁੱਝ ਮੁਹਤਬਰ ਪਿੰਡ ਦੇ ਆਗੂ ਕਹਿੰਦੇ ਹਨ ਕਿ ਅਤਿੰਦਰ ਪਾਲ ਸਿੰਘ ਨੇ ਅਸ਼ਲੀਲ ਗੱਲ ਕੀਤੀ। ਜੋ ਨਹੀਂ ਸੀ ਕਰਨੀ ਚਾਹੀਦੀ । ਇਹ ਗੱਲ ਮੈਨੂੰ ਉਸ ਵਿਅਕਤੀ ਨੇ ਕਹੀ ਜਿਸ ਨੇ ਮੇਰਾ ਸਾਰਾ ਭਾਸ਼ਣ ਅਤੇ ਸਵਾਲ ਜਵਾਬ ਟੇਪ ਕੀਤੇ ਸਨ ਅਤੇ ਵੀਡੀਓ ਬਣਾਈ ਸੀ। ਮੈਂ ਉਸ ਵਿਅਕਤੀ ਨੂੰ ਕਿਹਾ ਕਿ ਉਸ ਪਾਸ ਵੀਡੀਓ ਹੈ ਉਹ ਖ਼ੁਦ ਦੁਬਾਰਾ ਸੁਣੇ ਤੇ ਸਾਰੇ ਕਿੰਤੂ ਕਰਨ ਵਾਲੇ ਪ੍ਰਬੰਧਕਾਂ ਨੂੰ ਸੁਣਾਏ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਮੈਨੂੰ ਪਹੁੰਚਾਏ ਮੈਂ ਪਿੰਡ ਵਿਚ ਆ ਕੇ ਦੁਬਾਰਾ ਆਪਣੇ ਭਾਸ਼ਣ ਦੀ ਵੀਡੀਓ ਜੋ ਪਿੰਡ ਵਾਲਿਆਂ ਪਾਸ ਹੀ ਪਈ ਹੈ ਚਲਾ ਕੇ ਜਵਾਬ ਦੇਣ ਨੂੰ ਤਿਆਰ ਹਾਂ। ਨਹੀਂ ਤਾਂ ਮੈਂ ਖ਼ੁਦ ਪ੍ਰਬੰਧਕਾਂ ਨਾਲ ਤੇ ਜਿਹੜੇ ਧੜੇਬਾਜ਼ੀ ਕਰ ਰਹੇ ਹਨ ਉਨ੍ਹਾਂ ਨਾਲ ਗੱਲ ਕਰਦਾ ਹਾਂ ਕਿ ਦੱਸੋ ਕਦੋਂ ਆਵਾਂ ? ਤਾਂ ਉਹ ਸੱਜਣ ਕਹਿਣ ਲੱਗੇ ਕਿ ਨ੍ਹਾ ਨ੍ਹਾ ਅਜਿਹਾ ਨ੍ਹਾ ਕਰਿਆ ਜੇ.....
ਜੇ ਅਸੀਂ ਖ਼ੁਦ ਸਿੱਖ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਪ੍ਰਮਾਣਿਤ ਜਾਣਕਾਰੀ ਦੇਣ ਉੱਪਰ ਆਪੋ ਆਪਣੀ ਧੜੇਬਾਜ਼ੀ ਕਰ ਕੇ ਪਾਬੰਦੀ ਲਗਾ ਕੇ ਗ਼ਲਤ ਪ੍ਰਚਾਰ ਅਤੇ ਅਫ਼ਵਾਹਾਂ ਫੈਲਾ ਕੇ "ਗੁਰਮਤਿ ਦੀ ਭਰੂਣ ਹੱਤਿਆ ਦੇ ਅਪਰਾਧ ਤੱਕ ਕਰਨ" ਤੋਂ ਗੁਰੇਜ਼ ਨਹੀਂ ਕਰਾਂਗੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੇ ਗੁਰਦੁਆਰੇ ਆਪਣੇ ਮਿਸ਼ਨ ਤੋਂ ਭਟਕ ਕੇ ਧੜਾ ਪਾਲਨ ਅਤੇ ਗੁਰਮਤਿ ਦਾ ਨਿਸ਼ੇਧ ਕਰਨ ਵਾਲੀਆਂ ਲੰਗਰ ਛਕਾਊ ਅਤੇ ਛੈਣੇ ਚਿਮਟੇ ਵਜਾਊ ਵਾਲੇ ਅਧਿਆਤਮਕ ਮਨੋਰੰਜਨ ਸਥਾਨ ਬਣ ਕੇ ਰਹਿ ਗਏ ਹਨ।
ਕਾਲਰਾ ਪਿੰਡ ਦੇ ਜਾਗਰੂਕ ਸਿੱਖ ਇੰਜ ਕਰਨਗੇ ? ਇਹ ਤਾਂ ਬਹੁਤ ਹੀ ਸ਼ਰਮਨਾਕ ਕਿਰਦਾਰ ਦੀ ਦੋ ਮੂਹੀ ਮਿਸਾਲ ਬਣ ਕੇ ਰਹਿ ਗਈ ਹੈ .......
ਸਵਾਲ ਬੜਾ ਸਪਸ਼ਟ ਹੈ ਕੀ ਜੇ ਅਜਿਹੀ ਗਲ ਕਿਸੇ ਵੱਲੋਂ ਵੀ ਫੈਲਾਈ ਗਈ ਸੀ ਤਾਂ ਜਿਨ੍ਹਾਂ ਨੇ ਮੈਨੂੰ ਪਿੰਡ ਵਿਚ ਸੱਦਿਆ ਸੀ ਉਨ੍ਹਾਂ ਦਾ ਇਹ ਫ਼ਰਜ਼ ਨਹੀਂ ਸੀ ਬਣਦਾ ਕਿ ਉਹ ਆਪਣੇ ਪਾਸ ਮੌਜੂਦ ਵੀਡੀਓ ਨੂੰ ਦੁਬਾਰਾ ਪਿੰਡ ਵਿਚ ਸੁਣਾਉਂਦੇ ? ਜਾਂ ਓਦੋਂ ਹੀ ਮੈਨੂੰ ਦੱਸਦੇ ? ਸਭ ਆਪੋ ਆਪਣੇ ਹਿਤਾਂ ਦੇ ਲਾਲਚ ਪਾਲਨ ਲਈ ਦੜ ਵੱਟ ਜ਼ਮਾਨਾ ਕੱਟ ਦੀ ਆਪੋ ਆਪਣੀ ਮੱਤ ਨੂੰ ਹੀ ਗੁਰਮਤਿ ਬਣਾ ਕੇ ਪੇਸ਼ ਕਰਨ ਦੇ ਲੋੜੋਂ ਵੱਧ ਮਾਹਿਰ ਬਣ ਚੁੱਕੇ ਹਨ ! ਅਜਿਹੇ ਸਮਾਜ ਵਿਚ ਜਿੱਥੇ ਆਗੂ ਨਿੱਜ ਧੜਾ ਪਾਲਦੇ ਹੋਣ ਅਤੇ ਪ੍ਰਬੰਧਕ ਹੀ ਸੰਗਤਾਂ ਅਤੇ ਆਮ ਲੋਕਾਂ ਨੂੰ ਅਜੇਹੀ ਮਨੋਬਿਰਤੀ ਦਾ ਖ਼ੁਦ ਆਪ ਸ਼ਿਕਾਰ ਬਣਾਉਂਦੇ ਹੋਣ ਤੇ ਉੱਪਰ ਦਿਖਾਵੇ ਵਜੋਂ ਸੁਧਾਰਵਾਦੀ ਤੇ ਗੁਰਮਤਿ ਚੇਤਨਾ ਦੇ ਛਲਾਵੇ ਦਾ ਦੰਭ ਭਰਦੇ ਹੋਣ;  ਉਸ ਸਮਾਜ ਵਿਚ ਸਿੱਖੀ ਦੀ ਪ੍ਰਚੰਡ ਵੇਗਤਾ ਵਾਲੀ ਨਿਰਭੈਤਾ, ਨਿਰਵੈਰਤਾ ਨਾਲ ਗੁਰਮਤਿ ਚੇਤਨਾ, ਜਾਗਰੁਕਤਾ ਅਤੇ ਸੁਧਾਰਵਾਦੀ ਕੰਮ ਕਦੇ ਵੀ ਸਫਲ ਨਹੀਂ ਹੋ ਸਕਦੇ ।

No comments:

Post a Comment