ਔਰਤਾਂ ਖ਼ਿਲਾਫ਼ ਅਪਰਾਧ ਸਮਾਜ ਦੀ ਵਿਕਰਿਤ ਮਨੋਬਿਰਤੀ ਨੂੰ ਬਦਲਣ ਦੀ ਲੋੜ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਅਸੀਂ ਸਭ ਨੇ ਨਿਰਭਿਆ ਕਾਂਡ ਵੇਲੇ ਵੀ ਸਹਿਆ ਅਤੇ ਵੇਖਿਆ ਹੈ। ਓਰਬਿਟ ਕਾਂਡ ਵੀ ਸਮਾਜ ਨੇ ਪਿੰਡੇ ਹੰਢਾਇਆ ਹੈ। ਹਿਮਾਚਲ ਵਿਚ ਵਾਪਰੇ ਕਾਂਡ ਵੀ ਹਾਲੇ ਸਮਾਜ ਤੋਂ ਇਨਸਾਫ਼ ਦੀ ਮੰਗ ਵਿਚ ਤੜਫਦੇ ਪਏ ਹਨ। ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਜੋ ਕੁੱਝ ਨਸਲੀ ਅਸਹਿਣਸ਼ੀਲਤਾ ਦੀ ਗੁੰਡਾਗਰਦੀ ਵਾਲੀ ਵਹਿਸ਼ੀ ਆਚਰਨ ਦਾ ਮੁਕਾਬਲਾ "ਔਰਤ" ਨੂੰ ਕਰਨਾ ਪਿਆ; ਉਹ ਵੀ ਦੜ ਵੱਟ ਜ਼ਮਾਨਾ ਕੱਟ ਦੀ, ਹਾਕਮੀ, ਪ੍ਰਸ਼ਾਸਕੀ, ਵਿਵਸਥਾ ਦੀ ਕੁੱਤੀ ਸੋਚ ਨੇ ਸਮਾਜ ਦੇ ਮੂੰਹ ਤੇ ਕਾਲਖ ਬਣ ਹਮੇਸ਼ਾ ਲਈ ਜੜ ਦਿੱਤਾ ਹੈ। ਤੇ ਹੁਣ, ਚੰਡੀਗੜ੍ਹ ਵਿਚ ਸੀਨੀਅਰ ਆਈ ਏ ਐਸ ਅਧਿਕਾਰੀ ਦੀ ਬੇਟੀ ਨਾਲ "ਕਮਲ ਦੇ ਸਭ ਕਾ ਸਾਥ ਨੇ ਸਭ ਦੇ ਵਿਕਾਸ' ਰਾਹੀਂ ਜਿਹੜਾ ਰਾਜਨੀਤਕ, ਸਮਾਜਿਕ, ਪ੍ਰਸ਼ਾਸਨਿਕ ਵਿਹਾਰ ਅਤੇ ਆਚਰਨ ਦਾ ਮਨ ਕੀ ਬਾਤ ਵਿਚਲਾ "ਵਿਕਾਸ" ਸਾਹਮਣੇ ਲੈ ਆਉਂਦਾ ਹੈ; ਇਹ ਭਾਰਤੀ ਔਰਤਾਂ ਦੀ ਅਹਿਮਦ ਸ਼ਾਹ ਅਬਦਾਲੀ ਵਾਲੀ ਲੁੱਟ ਖਸੁੱਟ ਦੀ ਹਿਮਾਇਤੀ ਪ੍ਰਵਿਰਤੀ ਦੀ ਬੇਅੰਤ ਨਿਘਾਰੂ ਹਾਕਮੀ ਕਿਰਦਾਰ ਦੀ ਪੁਸ਼ਤ ਪਨਾਹੀ ਦਾ ਸਬੂਤ ਹੈ। ਆਪੋ ਆਪਣੀਆਂ ਨਿੱਜੀ ਗ਼ਰਜ਼ਾਂ ਅਤੇ ਸਵਾਰਥਾਂ ਕਰ ਕੇ ਮੌਕੇ ਤੇ ਦੜ ਵੱਟ ਖਿਸਕ ਜਾਣ ਦੀ ਸਮਾਜਿਕ ਪ੍ਰਵਿਰਤੀ ਨੇ ਹੀ ਸਾਡੇ ਮਨੁੱਖੀ ਸਮਾਜ ਨੂੰ ਜਾਂਗਲੀ ਪਣ ਵੱਲ ਧੱਕ ਦਿੱਤਾ ਹੈ। ਇਸ ਲਈ ਅਸੀਂ ਸਭ ਜ਼ਿੰਮੇਵਾਰ ਹਾਂ।
ਜੋ ਚੁੱਪ ਰਹਿਣਗੇ ਉਨ੍ਹਾਂ ਦੇ ਘਰੇ ਅਜਿਹੇ "ਹਾਕਮੀ, ਪ੍ਰਸ਼ਾਸਕੀ ਵਿਕਾਸ ਦੇ ਬਘਿਆੜ" ਵੜਦੇ ਰਹਿਣਗੇ ਤੇ ਚੁੱਪ ਰਹਿਣ ਵਾਲੇ ਆਪਣੇ ਪੜੋਸੀ ਤੇ ਸਮਾਜ ਦੇ ਘਰਾਂ ਨੂੰ ਵੀ ਅਸੁਰੱਖਿਅਤ ਕਰ ਦੇਣਗੇ। ਅਜਿਹੀ ਵਿਵਸਥਾ ਦਾ ਸਮਰਥਨ ਦੇਣ ਵਾਲੀ ਸਿਆਸਤ ਅਤੇ ਸਿਆਸੀ ਲੋਕਾਂ ਨੂੰ ਸਮਾਜ ਨੂੰ ਹਾਸ਼ੀਏ ਤੋਂ ਬਾਹਰ ਕਰਨਾ ਹੀ ਹੋਵੇਗਾ। ਇਹ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਪ੍ਰਭਾਵਸ਼ਾਲੀ ਅਹੁਦੇ ਤੇ ਰਹਿੰਦੇ ਹੋਏ ਇਨਸਾਫ਼ ਮਿਲਣ ਦੀਆਂ ਸਾਰੀਆਂ ਉਮੀਦਾਂ ਮੁੱਕ ਜਾਂਦੀਆਂ ਹਨ। ਸਮਾਜ ਨੇ ਸੱਜਰੀ ਘਟਨਾ ਓਰਬਿਟ ਕਾਂਡ ਦੇ ਆਏ ਫ਼ੈਸਲੇ ਵਿਚ ਪ੍ਰਤੱਖ ਹੰਢਾਈ ਹੈ।
ਮੁੱਦਾ ਲੜਕੀ ਦਾ ਨਹੀਂ ਸਮਾਜ ਵਿਚ ਮਰਦਾਂ ਦੀ ਵਿਕਰਿਤ ਦੂਸ਼ਿਤ ਅਤੇ ਜਾਨਵਰ ਮਨੋਬਿਰਤੀ ਵਿਚਲੀ ਵਹਿਸ਼ੀ, ਰਾਖਸ਼, ਸਮਾਜ ਵਿਰੋਧੀ ਅਤੇ ਜਨਨੀ ਨੂੰ ਬਘਿਆੜ ਬਣ ਨਿਗਲ਼ ਜਾਣ ਦੀ ਸੋਚ ਅਧੀਨ; ਉਸ ਦੇ ਬਣਾਏ ਗਏ ਤੇ ਮਾਨਤਾ ਦਿੱਤੇ ਗਏ ਵਿਹਾਰ ਅਤੇ ਆਚਰਨ ਦਾ ਹੈ। ਇਸ ਨੂੰ ਬਦਲਣਾ ਹੀ ਹੋਵੇਗਾ । ਜਦ ਤਕ ਇਹ ਸਥਿਤੀ ਨਹੀਂ ਬਦਲਦੀ ਓਦੋਂ ਤੱਕ ਮਰਦ "ਨਾਮਰਦ" ਅਤੇ ਆਪਣੇ ਪੁੱਤਰ ਦਾ 'ਪੁੱਤਰ' ਹੋਣ ਕਰ ਕੇ ਸਾਥ ਦੇਣ ਵਾਲੀਆਂ ਮਾਵਾਂ ਦੇ ਮੂੰਹ ਤੇ, ਕਿਰਦਾਰ ਤੇ, ਸੋਚ ਤੇ ਅਤੇ ਉਨ੍ਹਾਂ ਦੇ ਵਿਵਹਾਰ ਤੇ ਵੀ ਇੱਕ "ਕੁੱਖ ਤੇ ਮਾਰਿਆਂ ਢੁੱਡ" ਸਾਬਤ ਹੋ ਰਿਹਾ ਹੈ; ਜੋ ਔਰਤ ਨੂੰ ਬਤੌਰ ਮਾਂ, ਭੈਣ, ਪਤਨੀ ਦੇ ਉਸ ਨੂੰ ਸਹਿਣਾ ਬੰਦ ਕਰਨਾ ਪਵੇਗਾ। ਸਮਾਂ ਆ ਗਿਆ ਹੈ ਕਿ ਹੁਣ ਮਾਵਾਂ ਖ਼ੁਦ ਅਜਿਹੀ ਮਰਦਊ ਨਾਮਰਦਗੀ ਕਰਨ ਵਾਲੇ ਪੁੱਤਾਂ ਦੇ ਖ਼ਿਲਾਫ਼ ਹਿਮਾਲਿਆ ਬਣ ਖੜਨ, ਤਾਂ ਹੀ ਸਮਾਜ ਸੁਧਰੇਗਾ। ਇਸ ਵਿਚ ਮਰਦਊ ਨਾਮਰਦਗੀ ਦੀ ਵਿਕਿਰਿਤ ਮਨੋਬਿਰਤੀ ਦੇ ਸ਼ਿਕਾਰ ਹੋਣ ਤੋਂ ਬਚੇਂ ਹੋਏ "ਪੁਰਸ਼ਾਂ" ਨੂੰ ਵੀ ਆਪਣੇ "ਮਰਦ" ਹੋਣ ਦਾ ਸਬੂਤ ਦਿੰਦੇ ਹੋਏ; ਔਰਤ ਦਾ ਸਾਥ ਦੇਣ ਲਈ ਘਰ ਤੋਂ ਸਮਾਜ ਤਕ ਨਿੱਖੜ ਕੇ ਆਪਣੀ ਮਾਂ, ਭੈਣ, ਧੀ ਅਤੇ ਪਤਨੀ ਦਾ ਸਾਥ ਦੇਣਾ ਹੋਵੇਗਾ। ਲੋੜ ਮਰਦ ਦੀ ਰਾਖਸ਼ਣੀ ਬਣ ਚੁੱਕੀ ਮਨੋਬਿਰਤੀ ਨੂੰ ਸੁਧਾਰਨ ਦੀ ਹੈ, ਨ੍ਹਾ ਕਿ ਨਿੱਤ ਨਵੇਂ ਕਾਨੂੰਨ ਬਣਾਉਣ ਦੀ। ਸੋਚ ਨੂੰ ਮਨੁੱਖੀ ਮਨੋਬਿਰਤੀ ਵਿਚ ਬਦਲਣ ਦਾ ਕੰਮ ਅਤੇ ਆਚਰਨ ਨੂੰ ਮਨੁੱਖੀ ਸੀਰਤ ਯੋਗ ਬਣਾਉਣ ਦਾ ਕੰਮ ਪਰਿਵਾਰ ਅਤੇ ਪਾਠਸ਼ਾਲਾ ਤੋਂ ਆਰੰਭ ਹੁੰਦਾ ਹੈ। ਬਦ ਕਿਸਮਤੀ ਨਾਲ ਸਾਡੇ ਦੇਸ਼ ਵਿਚ ਇਹ ਵਿਸ਼ੇ ਮਨੁੱਖ ਨੂੰ ਮਨੁੱਖਤਾ ਅਧੀਨ ਲਿਆਉਣ ਲਈ ਵਿੱਦਿਆ ਦੇ ਸਿਲੇਬਸ ਵਿਚ ਅਤੇ ਪਰਿਵਾਰ ਦੇ ਖ਼ਾਨਦਾਨੀ ਪਰਵਰਿਸ਼ ਦੇ ਆਚਰਨ ਵਿਚ ਸ਼ਾਮਲ ਹੀ ਨਹੀਂ ਕੀਤੇ ਗਏ ਹਨ। ਜਦੋਂ ਤਕ ਅਸੀਂ ਨਿਸ਼ਠਾ ਅਤੇ ਗੰਭੀਰਤਾ ਨਾਲ ਇਸ ਪਾਸੇ ਧਿਆਨ ਨਹੀਂ ਦਿੰਦੇ, ਓਦੋਂ ਤਕ ਸਿਰਫ਼ ਫ਼ਿਕਰ ਜ਼ਾਹਿਰ ਕਰ ਦੇਣ ਨਾਲ ਸਮੱਸਿਆ ਦਾ ਕੋਈ ਵੀ ਹੱਲ ਸੰਭਵ ਨਹੀਂ ਹੈ। ਬਿਨਾ ਸਿਆਸਤ ਇਸ ਤੇ ਸਮਾਜ ਨੂੰ ਵਿਚਾਰ ਕਰਨੀ ਪੈਣੀ ਹੈ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
#sikhbard #atinderpalsinghexmp
ਫੋਨ: 8847217312
-ਜੇ ਸਹਿਮਤ ਹੋ ਤਾਂ ਸਮਾਜਿਕ ਸੁਧਾਰ ਲਈ ਵੱਧ ਤੋਂ ਵੱਧ ਸ਼ੇਅਰ ਕਰੋ
No comments:
Post a Comment