Friday, 27 January 2017

ਪੰਜਾਬ ਚੋਣਾਂ 2017- ਦਸ਼ਾ ਅਤੇ ਦਿਸ਼ਾ : ਰਾਜਨੀਤਕ ਵਿਚਾਰਧਾਰਾ ਦਾ ਅਮਲੀ ਬਦਲ ਕੀ ਬਚਿਆ ਹੈ ?


ਪੰਜਾਬ ਚੋਣਾਂ 2017 : ਦਸ਼ਾ ਅਤੇ ਦਿਸ਼ਾ

 ਭਾਰਤੀ ਤੰਤਰ, ਪਿਤਾ ਪੁਰਖੀ ਤਾਨਾਸ਼ਾਹੀ ਲੋਕਤੰਤਰੀ ਰੋਲ ਮਾਡਲ ਨੂੰ ਪਰਵਾਨਗੀ ਦੇਣ ਤੋਂ ਬਾਅਦ, ਹੁਣ ਇਸ ਦੀ ਹਿੰਦੂਤਵ ਵਿਧੀ ਵਿਧਾਨ ਦੀ ਤਾਨਾਸ਼ਾਹੀ ਲੋਕਤੰਤਰੀ ਪ੍ਰਣਾਲੀ ਦੀ ਸਥਾਪਤੀ ਵੱਲ ਅੱਗੇ ਵੱਧ ਰਿਹਾ ਹੈ । ਪੰਜਾਬ ਇਸ ਪ੍ਰਯੋਗ ਦਾ ਕੁਰਸ਼ੇਤਰ ਬਣ ਚੁਕਾ ਹੈ। ਸਿੱਖੀ ਜਜ਼ਬਾਤਾਂ ਨੂੰ ਫੁੰਡਣ ਲਈ, ਧਰਮ ਦਾ ਰਾਜਨੀਤਕ ਘਾਣ ਆਪਣੇ ਜੋਬਨ ਤਕ ਪਹੁੰਚਾ ਦਿੱਤਾ ਗਿਆ ਹੈ । ਹਮੇਸ਼ਾਂ ਵਾਂਙ ਸਿੱਖ ਫਿਰ ਹਿੰਦੂਤਵ ਦੇ ਮੱਕੜ-ਜਾਲ ਵਿਚ ਫਸਾ ਲਿਆ ਗਿਆ ਹੈ । ਹਿੰਦੂਤਵ ਤੋਂ ਹਿੰਦੂਤਵ ਤਕ ਰਾਜਨੀਤਕ ਸਤਾ ਬਦਲ ਪੰਜਾਬ ਦੀ ਤ੍ਰਾਸਦੀ ਬਣ ਕੇ ਚੋਣ ਮੈਦਾਨ ਵਿਚ ਸਾਹਮਣੇ ਹੈ। ਇਸੇ ਕੁਰਾਹੇ ਤੇ ਹੀ ਪੱਬਾਂ ਭਾਰ ਹੋ ਕੇ ਸਿੱਖ ਵੋਟਰ, ਆਪਣੀ ਪਹਿਚਾਣ ਨੂੰ ਹਿੰਦੂਤਵ ਪੰਜਾਬੀ ਬਣਾ ਦੇਣ ਲਈ ਹੰਕਾਰੀ ਫਿਰਦਾ ਹੈ । ਕੁਲ ਮਿਲਾ ਕੇ ਇਸੇ ਸਿਆਸੀ, ਧਾਰਮਿਕ, ਸਮਾਜਿਕ, ਵਿੱਦਿਅਕ ਅਤੇ ਆਰਥਿਕ ਬਦਲ ਵੱਲ ਪੰਜਾਬ ਵੱਧ ਰਿਹਾ ਹੈ। ਭਾਰਤ ਜੋ ਚਾਹੁੰਦਾ ਹੈ ਉਹ ਕਰ ਰਿਹਾ ਹੈ ਤੇ ਸਿੱਖ ਕੌਮ ਕੀ ਚਾਹੁੰਦੀ ਹੈ ਉਹ ਉਸ ਦਾ ਨਾ ਖ਼ੁਦ ਫ਼ੈਸਲਾ ਕਰ ਪਾ ਰਹੀ ਹੈ ਤੇ ਨਾ ਹੀ ਉਸ ਨੂੰ ਉਸ ਦੇ ਲੀਡਰ ਸੋਚਣ, ‍ਚਿੰਤਨ ਕਰਨ, ਬਿਬੇਕ ਬੁੱਧ ਨਾਲ ਫ਼ੈਸਲਾ ਲੈਣ ਦੇ ਸਮਰੱਥ ਹੀ ਬਣਾਉਣਾ ਚਾਹੁੰਦਾ ਹੈ । ਇਹ ਅਧਿਕਾਰ ਹਰ ਇੱਕ ਸਿੱਖ ਲੀਡਰ 'ਖ਼ਾਲਸਾ ਪੰਥ' ਨੂੰ ਦੇਣਾ ਹੀ ਨਹੀਂ ਚਾਹੁੰਦਾ । ਰਾਜਨੀਤਕ, ਧਾਰਮਿਕ, ਆਰਥਿਕ, ਸਮਾਜਿਕ, ਬੌਧਿਕ, ਸਭਿਅਕ ਅਰਥਾਤ ਹਰ ਇਕ ਮੱਦ ਵਿਚ ਸੰਸਾਰ ਪੱਧਰ ਤੇ ਸਿੱਖ ਆਤਮਾ ਨੂੰ ਸਿੱਖ ਲੀਡਰਾਂ ਰਾਹੀਂ ਆਪੋ ਆਪਣੇ ਸਵਾਰਥਾਂ ਤੇ ਗ਼ਰਜ਼ਾਂ ਕਰਕੇ ਸਿਰਫ਼ ਵੇਚਣ ਤੇ ਲਾਹਾ ਖੱਟਣ ਦੀ ਹੀ ਰਾਜਨੀਤੀ ਚਲਦੀ ਆ ਰਹੀ ਹੈ। ਪਹਿਲਾਂ ਇਸ ਦਾ ਵਹਿਣ ਪੰਜਾਬ ਤੋਂ ਵਿਦੇਸ਼ਾਂ ਵੱਲ ਸੀ ਤੇ ਹੁਣ ਇਸ ਦਾ ਵਹਿਣ ਵਿਦੇਸ਼ਾਂ ਤੋਂ ਪੰਜਾਬ ਵੱਲ ਨੂੰ ਕਰ ਦਿੱਤਾ ਗਿਆ ਹੈ। ਇਸ ਤ੍ਰਾਸਦੀ ਦੇ ਮਾਹੌਲ ਵਿਚ ਪੰਜਾਬ ਆਪਣੇ ਲਈ 2017 ਦੀਆਂ ਚੋਣਾਂ ਰਾਹੀਂ ਆਪਣਾ ਉਹ ਭਵਿੱਖ ਤੈਅ ਕਰਨ ਦੀ ਗ਼ਲਤਫ਼ਹਿਮੀ ਵਿਚ ਆਪਣਾ ਝੁੱਗਾ ਚੌੜ ਕਰਨ ਲਈ ਕਾਹਲਾ ਹੋਇਆ ਫਿਰਦਾ ਹੈ ਜਿਸ ਦਾ ਨਿਰਨਾ, ਦਸ਼ਾ ਅਤੇ ਦਿਸ਼ਾ ਪਹਿਲਾਂ ਹੀ ਸਿੱਖਾਂ ਲਈ ਨਿਰਧਾਰਿਤ ਕਰ ਦਿੱਤੀ ਹੋਈ ਹੈ !

ਰਾਜ ਸਥਾਪਿਤ ਕਰ, ਰਾਜ ਪ੍ਰਬੰਧ ਕਰਨ ਅਤੇ ਆਪਣੀ ਸਭਿਅਤਾ, ਆਤਮਾ ਦੇ ਮੌਲਿਕ ਗਿਆਨ ਵਿਚੋਂ ਨਿਕਲਣ ਵਾਲੇ ਸੁਤੰਤਰ ਸਵੈ ਰਾਜ ਦੇ ਰੋਲ ਮਾਡਲ ਦੀ ਚੇਤਨਾ ਦੇ ਵੇਗ ਤੋਂ ਸੱਖਣੇ ਬਣੇ ਪੰਜਾਬ ਵਿਚ, ਸਤਾ ਹਥਿਆਉਣ ਦੀ ਰਾਜਨੀਤੀ ਦਾ ਵਾਇਰਲ ਆਪਣੇ ਸਿਖਰ ਤੇ ਅੱਪੜ ਚੁਕਾ ਹੈ । ਸਿਖਰਲੇ ਕ੍ਰਮ ਅਨੁਸਾਰ ਆਪਣੇ ਪਿੰਡੇ ਨੂੰ ਮਿਲ ਰਹੇ ਕਾਲੇ ਪੀਲੀਏ, ਕੈਂਸਰ, ਨਸ਼ੇ, ਬਾਂਝਪਣ ਤੇ ਨਾਮਰਦੀ, ਬੇਰੁਜ਼ਗਾਰੀ, ਆਰਥਿਕ ਦੀਵਾਲੀਏ ਪਨ ਤੋਂ ਲੈ ਕੇ ਬੌਧਿਕ ਅਤੇ ਬਿਬੇਕੀ ਗਿਆਨ ਤੋਂ ਸੱਖਣੇ ਕੀਤੇ ਜਾ ਚੁੱਕੇ ਅਸਲ ਦੁੱਖ ਦਰਦ ਅਤੇ ਬਿਮਾਰੀ ਨੂੰ ਵਿਸਾਰ ਕੇ ਲੋਕ, ਸਿਆਸਤਦਾਨ, ਲੇਖਕ ਅਤੇ ਮੀਡੀਆ ਜਨ 'ਪੰਜਾਬੀ' ਬਣ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੋਰ ਵਿਚ; ਆਪਣੇ ਸਿਵੇ ਤੇ ਮੁੱਦਾ ਅਤੇ ਏਜੰਡਾ ਰਹਿਤ ਸਿਆਸਤ ਦੇ 'ਮੇਲੇ' ਸਜਾਉਣ ਵਿਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਪੈ ਚੁੱਕੇ ਹਨ । ਭਵਿੱਖ ਨਿਰਮਾਣ ਅਤੇ ਆਪਣੀਆਂ ਨਸਲਾਂ ਦੇ ਸੱਚੇ ਸੁੱਚੇ ਕਿਰਦਾਰ, ਨਰੋਏ ਸਹਿਤ ਮੰਦ ਸਮਾਜ ਹਿਤ ਚੰਗੇ ਮੰਦੇ ਦੀ ਸਮਝ ਵਿਹੂਣੀ, ਪੰਜਾਬੀਆਂ ਦੀ ਸਿਆਸਤ ਵਿਅਕਤੀਆਂ ਦੇ ਚਿਹਰੇ ਅਤੇ ਕੱਦ ਮਗਰ ਘੁੰਮ ਰਹੀ ਹੈ ਅਤੇ ਸਿੱਖਾਂ ਦੀ ਸਿਆਸਤ ਆਪੋ ਆਪਣੇ ਹਠੀ ਅਤੇ ਦੰਭੀ ਲੀਡਰਾਂ ਦੇ ਧੜਿਆਂ ਤਕ ਸੀਮਤ ਹੈ।
ਹਰ ਇੱਕ ਹਲਕੇ ਵਿਚ ਮੁੱਖ ਰੂਪ ਵਿਚ ਤਿੰਨ ਧਿਰੀਂ ਤੇ ਇੱਕ ਹੋਰ ਨਵੀਂ ਉਭਰਨ ਜਾ ਰਹੀ ਬਾਗ਼ੀ ਧਿਰ ਨਾਲ ਚਾਰ ਕੋਣੀ ਚੋਣ ਦੰਗਲ ਦੇ ਬਣ ਚੁੱਕੇ ਰਾਜਨੀਤਕ ਮੇਲੇ ਦੇ ਹਾਲਾਤ ਵਿਚ; ਹਰ ਉਮੀਦਵਾਰ ਵੱਲੋਂ ਔਸਤਨ ਇੱਕ ਕਰੋੜ ਰੁਪਿਆ ਖ਼ਰਚਣ ਦਾ ਘਟੋਂ ਘਟ ਮੁੱਲ ਹੈ। ਇਸ ਮੁੱਲ ਤੇ ਖ਼ਰੀਦੀ ਵਿਧਾਇਕੀ ਲਈ ਪੰਜਾਬ ਦੀ ਲੁਕਾਈ ਤੋਂ 117 (ਸੀਟਾਂ) ਗੁਣਾ 4 ਕਰੋੜ(ਚਾਰ ਉਮੀਦਵਾਰਾਂ ਵੱਲੋਂ ਖਰਚੀ ਜਾਣ ਵਾਲੀ ਰਕਮ) ਦੇ ਹਿਸਾਬ ਨਾਲ 468 ਕਰੋੜ ਰੁਪਿਆ ਉਸ ਵਿਧਾਨ ਸਭਾ ਲਈ ਫੂਕਿਆ ਜਾਣਾ ਹੈ, ਜਿਸ ਵਿਧਾਨ ਸਭਾ ਵਿਚ 5 ਸਾਲਾਂ ਦੇ ਬਣਦੇ 1825 ਦਿਨਾਂ ਲਈ ਕੁਲ 468 ਘੰਟੇ ਵੀ ਵਿਧਾਨਿਕ ਕੰਮ; ਇਨ੍ਹਾਂ ਚੁਣੇ ਹੋਏ ਜਨ ਪ੍ਰਤੀਨਿਧੀਆਂ ਨੇ ਨਹੀਂ ਕਰਨਾ ਹੈ ! ਇਸ ਦੀ ਗਵਾਹੀ 1966 ਤੋਂ ਵਰਤਮਾਨ ਤਕ ਦਾ ਪੰਜਾਬ ਵਿਧਾਨ ਸਭਾ ਦਾ ਇਤਿਹਾਸ ਭਰਦਾ ਹੈ। ਪਰ ਇਸ ਦੇ ਬਾਵਜੂਦ ਪੰਜਾਬ ਦੇ ਸਮਝਦਾਰ ਲੋਕ ਆਪਣੀ ਗੰਧਲੀ ਅਤੇ ਲੋਕ ਵਿਰੋਧੀ ਤੇ ਪੰਜਾਬ ਮਾਰੂ ਸਿਆਸਤ ਨੂਮ ਸਮਝ ਨਹੀਂ ਪਾ ਰਹੇ ਹਨ। ਇਸੇ ਦਾ ਫ਼ਾਇਦਾ ਚੁੱਕਦੇ ਹੋਏ ਇਹ ਸਤਾਧਾਰੀ ਲੋਕ ਇਸ ਤੋਂ ਦੁੱਗਣਾ ਲਗਭਗ 936 ਕਰੋੜ ਰੁਪਿਆ ਇਸ ਤੋਂ ਇਲਾਵਾ, ਵਿਧਾਇਕਾ ਨੇ ਆਪਣੇ ਘਰ ਕਿਸੇ ਨਾ ਕਿਸੇ ਰੂਪ ਵਿਚ ਲੈ ਜਾਣਾ ਹੈ। ਬਾਕੀ ਸਭ ਹੋਰ ਸੁਵਿਧਾਵਾਂ ਛੱਡ ਕੇ ਜੇ ਮੰਤਰੀਆਂ ਅਤੇ ਉਨ੍ਹਾਂ ਦੇ ਗੱਡੀਆਂ ਦੇ ਖ਼ਰਚੇ, ਚੇਅਰਮੈਨਾਂ ਅਤੇ ਉਨ੍ਹਾਂ ਦੀਆਂ ਗੱਡੀਆਂ ਦੇ ਖ਼ਰਚੇ ਤੇ ਮਿਲਣ ਵਾਲੀਆਂ ਸੁਵਿਧਾਵਾਂ ਨਾਲ ਜੋੜ ਲਏ ਜਾਣ ਤਾਂ ਇਸ ਤਥਾ ਕਥਿਤ ਲੋਕ ਰਾਜ਼ੀ ਸਰਕਾਰ ਚਲਾਉਣ ਵਾਲੇ ਲੀਡਰਾਂ ਵੱਲੋਂ ਪੰਜ ਸਾਲਾਂ ਵਿਚ ਘਟ ਤੋਂ ਘਟ 1000 ਕਰੋੜ ਰੁਪਿਆ ਹੋਰ ਆਪਣੇ ਤੇ; ਲੋਕ ਧੰਨ ਦਾ ਖ਼ਰਚਿਆ ਜਾਵੇਗਾ । ਇੰਝ ਸਿੱਧੇ ਤੋਰ ਤੇ ਲਗਭਗ 547945 ਲੱਖ ਰੁਪਿਆ ਰੋਜ਼ ਦਾ ਸੂਬੇ ਦੀ ਸੰਭਾਵਿਤ ਆਮਦਨ ਵਿਚੋਂ ਇਨ੍ਹਾਂ ਲੋਕ ਪ੍ਰਤੀਨਿਧਾਂ ਨੇ ਆਪਣੇ ਲਈ ਪਹਿਲਾਂ ਤੋਂ ਹੀ ਰਾਖਵਾਂ ਰੱਖ ਲਿਆ ਹੈ। ਕੀ ਲੋਕਾਂ ਤੇ ਰਾਜ ਕਰਨ ਦੇ ਨਾਮ ਤੇ ਅਜਿਹੇ ਰਾਜ ਪ੍ਰਬੰਧ ਲਈ, ਫਿਰ ਅਜਿਹੀ ਖ਼ਰਚੀਲੀ ਅਤੇ ਅਪਰਾਧਿਕ ਬਣ ਚੁੱਕੀ ਵਿਵਸਥਾ ਦੀ ਲੋਕਾਈ ਨੂੰ ਕੋਈ ਲੋੜ ਹੈ ? ਇਹੋ ਸਵਾਲ ਪੰਜਾਬ ਦੀ ਨੌਕਰਸ਼ਾਹੀ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਖੜ੍ਹਾ ਹੈ।
19 ਮਾਰਚ 2015 ਨੂੰ ਪੰਜਾਬ ਵਿਧਾਨ ਸਭਾ ਦੇ ਇੱਕ ਪ੍ਰਵਕਤਾ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ 'ਦਿ ਟ੍ਰਿਬਿਊਨ' ਅਤੇ 'ਹਿੰਦੁਸਤਾਨ ਟਾਈਮਜ਼' ਨੂੰ ਦੱਸਿਆ ਕਿ ਪ੍ਰਤਿ ਵਿਧਾਇਕ ਤਨਖ਼ਾਹਾਂ ਵਧਣ ਤੋਂ ਬਾਅਦ ਬਿਨਾਂ ਵਾਧੂ ਭੱਤਿਆਂ ਤੋਂ ਹਰ ਮਹੀਨੇ 1.08 ਕਰੋੜ ਰੁਪਿਆ ਵਾਧੂ ਬੋਝ ਲੋਕਾਂ ਦੇ ਖ਼ਜ਼ਾਨੇ ਤੇ ਪਏਗਾ। ਫੋਕੀ ਸੱਤਾ ਦੀ ਹੈਂਕੜ ਨੂੰ ਹਥਿਆਉਣ ਲਈ ਪੱਲੇ ਦਾ ਸਭ ਕੁਝ ਗਵਾ ਦੇਣ ਦੀ ਹੱਦ ਤਕ ਜਾਣ ਵਾਲੇ ਪੰਜਾਬੀਆਂ ਨਾਲ ਅਜਿਹੀਆਂ ਗੱਲਾਂ ਕਰਨਾ ਉਨ੍ਹਾਂ ਦੀ ਮਨੋਬਿਰਤੀ ਦੇ ਅਨੁਕੂਲ ਨਹੀਂ ਰਹੀਆਂ; ਇਹ ਬੇਮਾਅਨਾ ਹੋ ਚੁਕਾ ਵਿਚਾਰ ਅਤੇ ਚਿੰਤਨ ਹੈ ।
ਰਾਜਨੀਤਕ ਮੈਦਾਨ ਵਿਚ ਪੰਜਾਬ ਕੋਲ ਕੀ ਉਪਲਬਧ ਹੈ ? ਜੂਨ 84 ਦੀ ਦਾਗ਼ੀ ਕਾਂਗਰਸ, ਧਰਮ ਯੁੱਧ ਮੋਰਚੇ ਤੇ ਅਨੰਦਪੁਰ ਸਾਹਿਬ ਮਤੇ ਰਾਹੀਂ ਸਿੱਖ ਕੌਮ ਨਾਲ ਵਿਸ਼ਵਾਸਘਾਤ ਕਰਨ ਵਾਲੇ ਪੰਜਾਬੀ ਅਕਾਲੀ, ਸਿੱਖ ਕੌਮ ਦਾ ਹਿੰਦੁਸਵੀ ਕਰਨ ਦੇ ਅਹਿਦ ਧਾਰੀ ਸੰਘੀ ਹਿੰਦੁਤਵੀ ਭਾਜਪਾ, ਸਿੱਖ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾ ਨੂੰ ਭੁਲਾ ਚੁਕੇ ਜਾਤੀਗਤ ਬਸਪਾ, ਨਕਸਲ-ਵਾਮ ਮਾਰਗੀ ਪੂੰਜੀਵਾਦੀ ਕਮਿਊਨਿਸਟ, ਸੰਘੀ ਹਿੰਦੁਤਵਈ ਵਾਮ ਮਾਰਗੀ 'ਆਪ ਪਾਰਟੀ' ਅਤੇ ਜੂਨ 84 ਤੋਂ ਬਾਅਦ ਸਿੱਖਾਂ ਦੇ ਉਲਾਰ ਦਾ ਭੋਗ ਪਾ ਦੇਣ ਵਾਲੀਆਂ ਸਿੱਖ ਅਕਾਲੀ ਧਿਰਾਂ ਦੇ ਨਾਲ; ਇਨ੍ਹਾਂ ਸਭਨਾਂ ਤੋਂ ਨਿੱਜੀ ਸਿਆਸੀ ਅਤੇ ਪੈਸਾ ਕਮਾਊਂ ਗ਼ਰਜ਼ਾਂ ਤੋਂ ਪਾਸੇ ਕੀਤੇ ਗਏ, ਟੁੱਟੇ ਹੋਏ ਲੀਡਰਾਂ ਦਾ ਨਵਾਂ ਫ਼ਰੰਟ ਜੋ ਸਾਹਮਣੇ ਆਉਣ ਵਾਲਾ ਹੈ । ਸਿਆਸੀ ਮੈਦਾਨ ਵਿਚ 2017 ਦੀਆਂ ਚੋਣਾ ਵਿਚ ਆਪਣੇ ਪ੍ਰਤੀਨਿਧ ਚੁਣਨ ਲਈ ਪੰਜਾਬੀਆਂ ਅਤੇ ਸਿੱਖਾਂ ਪਾਸ ਕੁਲ ਸਿਆਸੀ ਉਪਲਬਧਤਾ ਕਹੀ ਜਾ ਸਕਦੀ ਹੈ ।
ਇਨ੍ਹਾਂ ਵਿਚੋਂ 'ਆਪ' ਪਾਰਟੀ ਨਵੀਂ ਹੈ । ਬਾਕੀ ਸਭਨਾਂ ਦੇ ਚੰਗੇ-ਮਾੜੇ ਤੇ ਕਾਲੇ ਚਿੱਠਿਆਂ ਦਾ ਇਤਿਹਾਸ ਲੋਕਾਂ ਪਾਸ ਹੈ । ਇਸ ਦੇ ਬਾਵਜੂਦ ਲੋਕ ਇਨ੍ਹਾਂ ਨੂੰ ਹੀ ਚੁਣਦੇ ਆ ਰਹੇ ਹਨ। ਅਸਲੋਂ ਲੋਕਤੰਤਰ ਦੇ ਨਾਮ ਤੇ ਲੋਕਤੰਤਰੀ ਵੰਸ਼ਵਾਦੀ ਤਾਨਾਸ਼ਾਹੀ ਦੇ ਪਿਤਾ ਪੁਰਖੀ ਰੋਲ ਮਾਡਲ ਬਣ ਚੁੱਕੇ ਅਤੇ ਵਿਧਾਨਿਕ ਤੌਰ ਤੇ ਸਥਾਪਿਤ ਹੋ ਚੁੱਕੇ 'ਵੋਟ ਤੰਤਰੀ' ਚੋਣ ਪ੍ਰਣਾਲੀ ਵਾਲੇ ਪੰਜਾਬੀ ਸਮਾਜ ਪਾਸ, ਸਿਵਾ 'ਸਿਵੇ' ਪੈਦਾ ਕਰਨ ਤੋਂ ਬਚਿਆ ਹੀ ਕੀ ਹੈ ? ਇਸ ਦਾ ਕਾਰਨ ਬਦਲ ਨਾ ਹੋਣਾ ਦੱਸਿਆ ਜਾਂਦਾ ਹੈ । ਮੈਂ ਅਜਿਹਾ ਨਹੀਂ ਮੰਨਦਾ ਪਰ ਹਥਲੇ ਲੇਖ ਵਿਚ ਇਸ ਤੇ ਚਰਚਾ ਸੰਭਵ ਨਹੀਂ ।
ਸਿੱਖ ਪਰਿਪੇਖ ਵਿਚ ਪੰਜਾਬ ਦੇ ਹਿਤ ਵਿਚ ਕਿਹੜੀ ਪਾਰਟੀ ਹੈ ? ਪੰਜਾਬ ਦਾ ਅਤੇ ਪੰਜਾਬ ਤੇ ਦੇਸ਼ ਵਿਚ ਸਿੱਖ ਘਟ ਗਿਣਤੀ ਦਾ ਵਰਤਮਾਨ ਅਤੇ ਭਵਿੱਖ ਇਸੇ ਇੱਕ ਗੱਲ ਤੇ ਨਿਰਭਰ ਕਰਦਾ ਹੈ । ਕਾਂਗਰਸ ਨੂੰ ਹਮੇਸ਼ਾ ਤੋਂ ਹੀ ਸਿੱਖ ਵਿਰੋਧੀ ਮੰਨਿਆਂ ਅਤੇ ਸਿੱਖ ਹਿਰਦਿਆਂ ਵਿਚ ਸਵੀਕਾਰਿਆ ਜਾਂਦਾ ਹੈ। ਅਕਾਲੀ ਰਾਜਨੀਤੀ ਨੇ ਆਪਣੀ ਰਾਜਨੀਤੀ ਨੂੰ ਇਸੇ ਆਧਾਰ ਅਤੇ ਤਰਜ਼ ਤੇ ਹੀ ਚਲਾਇਆ ਹੈ। ਸੱਤਾ ਵਿਚ ਕਾਬਜ਼ ਹੋਣ ਦੇ ਇੱਕੋ ਇੱਕ ਮਨੋਰਥ ਨਾਲ ਇਸੇ ਨੇ ਹੀ ਅਜਿਹਾ ਵਾਤਾਵਰਨ ਸਿੱਖਾਂ ਵਿਚ ਬਣਾਇਆ ਹੈ। ਜਦ ਕਿ ਇੱਕ ਸਮਾਂ ਸੀ ਜਦ ਅਕਾਲੀ ਦਲ ਆਪਣਾ ਵਜੂਦ ਖ਼ਤਮ ਕਰ ਕੇ ਖ਼ੁਦ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ । ਸਤਾ ਵਿਚ ਮੁੱਖ ਮੰਤਰੀ ਦੀ ਕੁਰਸੀ ਨੂੰ ਹਾਸਲ ਕਰਨ ਤਕ ਦੀ ਗਰਜ਼ੀ ਸਿਆਸਤ ਕਾਰਨ; ਅਕਾਲੀ ਲੀਡਰਸ਼ਿਪ ਨੂੰ ਇਹ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਕਾਂਗਰਸ ਵਿਚ ਰਲੇਵਾਂ ਰਾਸ ਨਹੀਂ ਆਇਆ। ਇਸੇ ਲਈ ਹੀ ਜਵਾਬੀ ਕਾਰਵਾਈ ਵਿਚ ਕਾਂਗਰਸੀ ਸੱਤਾ ਧਿਰ ਨੇ ਅਕਾਲੀ ਸਿਆਸੀ ਲੀਡਰਾਂ ਤੋਂ ਲੈ ਕੇ ਵਰਕਰਾਂ ਤਕ ਉਵੇਂ ਦੇ ਹੀ ਜ਼ੁਲਮ ਕੀਤੇ ਹਨ ਜਿਵੇਂ ਦੇ ਪਿਛਲੇ 9 ਸਾਲਾਂ ਵਿਚ, ਅਕਾਲੀਆਂ ਨੇ ਕਾਂਗਰਸੀ ਵਰਕਰਾਂ ਉੱਪਰ ਕੀਤੇ ਹਨ। ਫ਼ਰਕ ਸਿਰਫ਼ ਇਤਨਾ ਰਿਹਾ ਹੈ ਕਿ ਅਕਾਲੀ ਦਲ ਨੇ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਦੇ ਹੋਏ ਆਪਣੀ ਸਿਆਸੀ ਕਿੜ ਨੂੰ ਪੰਥ ਦੇ ਖ਼ਿਲਾਫ਼ ਕੀਤੇ ਜੁਰਮ ਵਜੋਂ ਪੇਸ਼ ਕਰ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ । ਦੂਜੇ ਬੰਨੇ ਕਾਂਗਰਸੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਅਕਾਲੀਆਂ ਦੀਆਂ ਅਜਿਹੀਆਂ ਸਰਕਾਰ ਵਿਰੋਧੀ ਸੱਤਾ ਹਥਿਆਉਣ ਦੀਆਂ ਕਾਰਵਾਈਆਂ ਨੂੰ ਦੇਸ਼, ਹਿੰਦੂ ਧਰਮ ਅਤੇ ਦੇਸ਼ ਦੀ ਸੁਤੰਤਰਤਾ, ਏਕਤਾ ਅਤੇ ਅਖੰਡਤਾ ਦੇ ਖ਼ਿਲਾਫ਼ ਬਦੋ ਬਦੀ ਪ੍ਰਮਾਣਿਤ ਕਰ ਕੇ ਇਸ ਤੋਂ ਆਪਣਾ ਵੋਟ ਬੈਂਕ ਬਟੋਰਨ ਦੀ ਕੋਸ਼ਿਸ਼ ਕੀਤੀ ਹੈ। ਸਿਰਫ਼ ਸੱਤਾ ਹਥਿਆਉਣ ਲਈ ਅਜਿਹੀ ਅਪਰਾਧਿਕ ਅਤੇ ਅਮਾਨਵੀ ਪਹੁੰਚ ਅਤੇ ਦੋਵਾਂ ਹੀ ਧਿਰਾਂ ਵੱਲੋਂ ਬਣਾਈ ਗਈ ਅਜਿਹੀ ਰਾਜਨੀਤਕ ਵਿਉਂਤਬੰਦੀ ਖ਼ਾਸ ਕਰ ਸਿੱਖ ਕੌਮ ਦੇ ਅਤੇ ਆਮ ਕਰਕੇ ਪੰਜਾਬ ਅਤੇ ਦੇਸ਼ ਦੇ ਹਿਤਾਂ ਦੇ ਖ਼ਿਲਾਫ਼ ਪ੍ਰਮਾਣਿਤ ਹੋ ਕੇ ਸਾਹਮਣੇ ਆ ਚੁੱਕੀ ਹੈ। ਮਾਨਵਤਾ ਨਾਲ ਅਜਿਹੀ ਅਪਰਾਧਿਕ ਰਾਜਨੀਤੀ ਕਰਨ ਤੇ ਸਤਾ ਦੀ ਤਾਕਤ ਦਾ ਨਿਰਦਈ, ਨਾਦਰੀ ਤੇ ਰਾਖਸ਼ਣੀ ਰੂਪ ਪ੍ਰਗਟਾਉਣ ਹਿਤ ਸੰਘ ਪਰਿਵਾਰ ਦੀਆਂ ਸਿਆਸੀ ਅਤੇ ਸਮਾਜੀ ਜਮਾਤਾਂ 1988 ਤੋਂ ਪਹਿਲਾਂ ਤਕ ਕਾਂਗਰਸ ਦੀ ਸਵਾਰੀ ਕਰ ਕੇ ਆਪਣੇ ਇਰਾਦੇ ਪੂਰਾ ਕਰਦੀਆਂ ਰਹੀਆਂ ਹਨ । ਹੁਣ ਇਹ ਪੰਜਾਬੀ ਅਕਾਲੀਆਂ ਦੇ ਕੰਧੇ ਤੇ ਸਵਾਰ ਹੋ ਕੇ ਆਪਣੇ ਨਿਸ਼ਾਨੇ ਫੁੰਡ ਰਹੀਆਂ ਹਨ। ਪੰਜਾਬ ਵਿਚ ਕਮਿਊਨਿਸਟ ਧਿਰਾਂ ਅਜਿਹੇ ਹਾਲਾਤ ਤੋਂ ਆਪਣੇ ਵਿਸਥਾਰ ਅਤੇ ਧੰਨ ਦੌਲਤ ਕਮਾਉਣ ਹਿਤ ਪ੍ਰਸ਼ਾਸਨ ਦਾ ਮੋਢਾ ਬਣ ਕੇ ਕਈ ਤਰ੍ਹਾਂ ਦੇ ਆਪਣੇ ਸਵਾਰਥ ਪੂਰੇ ਕਰਦੀਆਂ ਚਲੀਆਂ ਆ ਰਹੀਆਂ ਹਨ । ਆਪਣੀਆਂ ਗ਼ਲਤੀਆਂ ਤੋਂ ਪਰ ਸਿੱਖਿਆ ਕਿਸੇ ਨੇ ਕੁਝ ਵੀ ਨਹੀਂ । ਮੁੱਢਲੇ ਰੂਪ ਵਿਚ ਇਹ ਦੋਵੇਂ ਹੀ ਧਿਰਾਂ ਸਿੱਖ ਕੌਮ ਨਾਲ ਧ੍ਰੋਹ ਕਮਾਉਂਦੀਆਂ ਸਿੱਖਾਂ ਨਾਲ ਧਾਰਮਿਕ, ਸਿਆਸੀ, ਆਰਥਿਕ ਅਤੇ ਸਮਾਜਿਕ ਵਿੱਦਿਅਕ ਹਰ ਇੱਕ ਪੱਖ ਵਿਚ ਵਿਸ਼ਵਾਸਘਾਤ ਕਰਦੀਆਂ ਚਲੀਆਂ ਆ ਰਹੀਆਂ ਹਨ । ਨਿਰਪੱਖ ਇਤਿਹਾਸਿਕ ਵਿਸ਼ਲੇਸ਼ਣ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਹ ਦੋਵੇਂ ਹੀ ਧਿਰਾਂ ਸੱਤਾ ਹਥਿਆਉਣ ਲਈ ਧਾਰਮਿਕ, ਸਮਾਜਿਕ ਅਤੇ ਆਰਥਿਕ ਲੋਕ ਘਾਣ ਕਰਦੀਆਂ ਤੇ ਕਰਵਾਉਂਦੀਆਂ ਰਹੀਆਂ ਹਨ ਤੇ ਅੱਗੋਂ ਵੀ ਕਰਦੀਆਂ ਰਹਿਣਗੀਆਂ। ਪੰਜਾਬ ਅਤੇ ਸਿੱਖਾਂ ਨੂੰ ਧੋਖਾ ਦੇਣ ਲਈ ਇਹ ਧਿਰਾਂ ਤਰਾਜ਼ੂ ਵਿਚ ਸਮਤੋਲ ਹਨ।
ਜੂਨ 84 ਤੋਂ ਬਾਅਦ ਉੱਭਰੀਆਂ ਖਾੜਕੂ ਸਿਆਸੀ ਲਹਿਰਾਂ ਦੀ ਮੁੱਖ ਧਿਰ ਵੀ ਕਾਂਗਰਸ ਅਤੇ ਅਕਾਲੀਆਂ ਦੇ ਹੀ ਨਕਸ਼ੇ ਕਦਮ ਤੇ ਚਲਦੀ ਆ ਰਹੀ ਹੈ ਤੇ ਚਲਦੀ ਰਹੇਗੀ । ਜਿਸ ਦੀ ਸਵਾਰੀ ਵੀ ਸੰਘ ਪਰਿਵਾਰ ਹੀ ਕਰ ਰਿਹਾ ਹੈ। ਇਹੋ ਕਾਰਨ ਹੈ ਕਿ ਉਹ ਸਿਆਸਤ ਦੇ ਹਾਸ਼ੀਏ ਤੋਂ ਬਾਹਰਲੀ ਇੱਕ ਅਜਿਹੀ ਧਿਰ ਬਣ ਕੇ ਰਹਿ ਗਈ ਹੈ; ਜਿਸ ਨੂੰ ਆਪੋ ਆਪਣੀ ਲੋੜ ਮੁਤਾਬਿਕ ਕਦੇ ਕਾਂਗਰਸ ਅਤੇ ਕਦੇ ਅਕਾਲੀ ਭਾਜਪਾ ਸੱਤਾ ਧਾਰੀ ਧਿਰਾਂ ਬਾਖ਼ੂਬੀ ਇਨ੍ਹਾਂ ਦਾ ਇਸਤੇਮਾਲ ਇਨ੍ਹਾਂ ਦੀ ਸਵੈ ਇੱਛਾ ਨਾਲ ਕਰਦੀਆਂ ਚਲੀਆਂ ਆ ਰਹੀਆਂ ਹਨ । ਜਿਵੇਂ ਰੂਸ ਅਤੇ ਚੀਨ ਦੀ ਧੰਨ ਅਤੇ ਸਿਆਸੀ ਧਾਕ ਦੇ ਜ਼ੋਰ ਨਾਲ ਬੌਧਿਕਤਾ ਤੇ ਕਬਜ਼ੇ ਤੋਂ ਸਿਆਸੀ ਸੱਤਾ ਤੇ ਕਬਜ਼ੇ ਤਕ ਦੀ ਵਿਉਂਤੀ ਤੇ ਪੈਦਾ ਕੀਤੀ ਗਈ ਪੰਜਾਬ ਅੰਦਰਲੀ ਕਮਿਊਨਿਸਟ ਲਹਿਰ, ਆਪਣਾ ਦਮ ਆਪਣੇ ਆਕਾ ਦੇ ਦਮ ਛੱਡਦੇ ਸਾਰ ਹੀ ਸਮਾਜਿਕ ਆਰਥਿਕ ਤੇ ਰਾਜਨੀਤਕ ਕ੍ਰਾਂਤੀ ਪੱਖੋਂ ਸਵਾਸ ਹੀਣੀ ਹੋ ਕੇ 'ਨਕਸਲੀ' ਬਣ ਕੇ ਰਹਿ ਗਈ; ਉਵੇਂ ਹੀ ਸਿੱਖ ਹਿਰਦਿਆਂ ਦੇ ਧਾਰਮਿਕ ਜਜ਼ਬਿਆਂ ਉੱਪਰ ਲੱਗੇ ਅਸਹਿ ਅਤੇ ਨਾ ਭੁੱਲਣ ਯੋਗ ਅਸਹਿ ਅਤੇ ਅਕਹਿ ਜ਼ੁਲਮਾਂ, ਸਿਤਮਾਂ ਅਤੇ ਸ਼ਹੀਦੀਆਂ ਵਿੱਚੋਂ ਨਿਕਲੀ ਖਾੜਕੂ ਲਹਿਰ ਵੀ "ਰੋਲ ਮਾਡਲ ਦੀ ਕਮੀ ਅਤੇ ਵਿਜ਼ਨ" ਦੀ ਥੁੜ ਕਰਕੇ ਆਪਣਾ ਕੋਈ ਸਿਆਸੀ ਭਵਿੱਖ ਅੱਡ ਤੋਂ ਪੰਜਾਬ ਲਈ ਨਾ ਬਣਾ ਸਕੀ ਤੇ ਨਾ ਦੇ ਸਕੀ । ਅਕਾਲੀਆਂ ਦੇ ਮੁੜ ਸੱਤਾ ਵਿਚ ਕਾਬਜ਼ ਹੋਣ ਦੀ ਇਹੋ ਇੱਕੋ ਇੱਕ ਮੁੱਖ ਵਜ੍ਹਾ ਬਣੀ ਹੈ ।

ਪੂਰੇ ਭਾਰਤ ਵਿਚੋਂ ਦਲਿਤ ਵਰਗ ਨੂੰ ਜੋ ਮਾਨਤਾ ਅਤੇ ਸਮਾਨਤਾ, ਆਰਥਿਕਤਾ ਅਤੇ ਸਮਾਜਿਕਤਾ ਸਿੱਖ ਕੌਮ ਕਰਕੇ ਪੰਜਾਬ ਵਿਚ ਮਿਲੀ ਹੈ ਉਸ ਦਾ ਅਪਣੱਤ ਪੰਜਾਬ ਵਿਚਲੀ ਸਿੱਖੀ ਨੇ ਲੈਣਾ ਹੀ ਨਹੀਂ ਚਾਹਿਆ । ਜਿਸ ਕਰਕੇ ਪੰਜਾਬ ਅੰਦਰ ਦਲਿਤ ਸਮਾਜ ਦੀ ਸਫ਼ਬੰਦੀ ਵਿਚ ਨਵੇਂ ਦਿਸਹੱਦੇ ਤੇਜ਼ੀ ਨਾਲ ਸਾਹਮਣੇ ਆਏ ਹਨ। ਬਸਪਾ ਇਸ ਨੂੰ ਸਮਝ ਨਹੀਂ ਸਕੀ ਜਾਂ ਕਹਿ ਲਵੋ ਉਹ ਵੀ ਅਕਾਲੀਆਂ ਵਾਂਗ ਇਸ ਨੂੰ ਆਪਣੀਆਂ ਸਿਆਸੀ ਗ਼ਰਜ਼ਾਂ ਕਰਕੇ ਸਮਝਣਾ ਨਹੀਂ ਚਾਹੁੰਦੀ ਇਸ ਲਈ ਆਪਣੇ ਜਾਤੀਗਤ ਦਵੰਦਾਤਮਿਕ ਵਿਚਾਰਧਾਰਾ ਤੋਂ ਬਾਹਰ ਹੀ ਨਹੀਂ ਆ ਸਕੀ। ਜਿਸ ਕਰਕੇ ਉਹ ਪੰਜਾਬ ਵਿਚ ਆਪਣੇ ਵਜੂਦ ਦੀ ਲੜਾਈ ਲੜਨ ਵਿਚ ਹੀ ਮਸ਼ਗੂਲ ਹੈ। ਇਸ ਦਾ ਇੱਕ ਵੱਡਾ ਕਾਰਨ ਸਿੱਖ ਸਮਾਜ ਨੂੰ ਵੀ ਧਾਰਮਿਕ, ਸਮਾਜਿਕ, ਸਿਆਸੀ ਅਤੇ ਨਿੱਜੀ ਪੱਧਰ ਤੇ ਇਸ ਦੇ ਇਨ੍ਹਾਂ ਹੀ ਖੇਤਰਾਂ ਦੇ ਲੀਡਰਾਂ ਵੱਲੋਂ ਹਿੰਦੁਤਵਈ ਵਰਨ ਅਤੇ ਜਾਤ ਅਧਾਰਿਤ ਵੱਡੀਆਂ ਵਿਚ ਵੰਡਣਾ ਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰ ਵਰਨ ਵਰਗ ਦੇ ਪ੍ਰਬੰਧਕੀ ਨਿਜ਼ਾਮ ਵਾਲੀ ਮਨੋਬਿਰਤੀ ਨੂੰ ਅਪਣਾਉਣਾ ਵੀ ਹੈ। ਇਸੇ ਮਨੋਬਿਰਤੀ ਦੀ ਹੈਂਕੜ ਬਾਜ਼ੀ ਨੇ ਸਿੱਖ ਭਵਿੱਖ ਨੂੰ ਨਿਵਾਣ ਪਾਸੇ ਤੇਜ਼ੀ ਨਾਲ ਤੋਰਿਆ ਹੈ।
ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਮੈਂ ਆਰ.ਐਸ.ਐਸ. ਦੀ ਦੀਰਘ ਕਾਲੀ ਹਿੰਦੂਤਵ ਸੋਚ ਲਈ ਸਿਆਸਤ ਕਰਨ ਵਾਲੀਆਂ ਅਜਿਹੀਆਂ ਤਾਕਤਾਂ ਮੰਨਦਾ ਹਾਂ ਜੋ ਕਾਂਗਰਸ, ਅਕਾਲੀਆਂ ਤੋਂ ਵੀ ਮਾੜੀਆਂ ਹਨ। ਇਨ੍ਹਾਂ ਨੂੰ ਮੈਂ ਇੱਕੋ ਅਪਰਾਧਿਕ ਮਨੋਬਿਰਤੀ ਵਾਲੇ ਵਿਸ਼ਵਾਸਘਾਤੀ ਸਿੱਕੇ ਦੇ ਦੋ ਪਾਸੇ ਮੰਨਦਾ ਹਾਂ । ਸਗੋਂ ਪਰਿਭਾਸ਼ਿਤ ਕਰਨ ਲਈ ਇਹ ਕਿਹਾ ਜਾਵੇ ਕਿ ਇਹ ਦੋਵੇਂ ਹੀ ਉਸ ਇੱਕ ਸਿੱਕੇ ਦੇ ਚਿੱਤ ਅਤੇ ਪਟ ਦੋ ਹਿੱਸੇ ਹਨ, ਜਿਸ ਹਿੰਦੂਤਵ ਸਿੱਕੇ ਦੇ ਚਿੱਤ ਵਾਲੇ ਪਾਸੇ ਸੁਪਰ ਕਾਪ ਰਿਬੇਰੋ-ਗਿੱਲ ਅਤੇ ਪਟ ਵਾਲੇ ਪਾਸੇ ਜਨਰਲ ਵੈਦਿਆ ਤੇ ਦੁਰਗਾ ਇੰਦਰਾ ਵਾਲਾ 'ਹਿੰਦੁਸਤਾਨੀ' ਆਚਰਨ ਤੇ ਕਿਰਦਾਰ ਹੈ । ਪੰਜਾਬ ਲਈ ਇਹ ਦੋਵੇਂ ਹੀ ਉਵੇਂ ਹੀ ਸਮਤੋਲ ਹਨ ਜਿਵੇਂ ਅਕਾਲੀ ਤੇ ਕਾਂਗਰਸੀ।
ਇਹ ਇੱਕ ਬਹੁਤ ਵੱਡਾ ਸੱਚ ਅਤੇ ਸਿਆਸੀ ਸਤਾ ਤਾਕਤ ਦਾ ਔਰੰਗਜ਼ੇਬੀ ਅਮਲ ਪ੍ਰਮਾਣਿਤ ਹੋ ਕੇ ਪ੍ਰਤੱਖ ਹੈ ਕਿ ਜਦੋਂ ਵੀ ਗੁਜਰਾਤੀ ਕੌਮੀਅਤਾ ਵਿਚੋਂ ਨਿਕਲਿਆ ਲੀਡਰ, ਭਾਰਤ ਦੀ ਬ੍ਰਾਹਮਣੀ ਕੌਮੀਅਤਾ ਵਿਚੋਂ ਨਿਕਲੇ ਲੀਡਰ ਨਾਲ ਇੱਕ ਮਿਕ ਹੋ ਕੇ ਸਤਾ ਤੇ ਕਾਬਜ਼ ਹੋ ਜਾਂਦਾ ਹੈ ਤਾਂ ਉਹ ਸਿੱਖ ਕੌਮ ਨੂੰ ਵਿਸ਼ੇਸ਼ ਕਰ ਕੇ, ਤੇ ਪੰਜਾਬ ਨੂੰ ਸਿੱਖ ਕੌਮ ਦੀ ਮਾਤਰ ਭੂਮੀ ਹੋਣ ਕਰਕੇ ਹਮੇਸ਼ਾ ਹੀ ਬਰਬਾਦ, ਤਬਾਹ ਅਤੇ ਵੰਡਣ ਦੀ ਕਾਰਵਾਈ ਅਜਿਹੀ ਮਾਰੂ ਮਨੋਬਿਰਤੀ ਨਾਲ ਕਰਦਾ ਹੈ ਕਿ ਉਸ ਦਾ ਬੀਜ ਨਾਸ਼ ਸੰਭਵ ਬਣਾਇਆ ਜਾ ਸਕੇ। ਮੇਰੀ ਵਰਤਮਾਨ ਦੀ ਸਭ ਤੋਂ ਵੱਡੀ ਚਿੰਤਾ ਹੀ ਇਹ ਬਣ ਚੁੱਕੀ ਹੈ ਕਿ ਦੇਸ਼ ਵੰਡ ਦੇ ਸਮੇਂ ਕਾਲ ਤੋਂ ਬਾਅਦ ਵਰਤਮਾਨ ਵਿਚ ਹੁਣ ਫਿਰ ਅਜਿਹਾ ਸਮੀਕਰਨ ਹੋ ਚੁਕਾ ਹੈ।
ਮੈਂ ਵਰਤਮਾਨ ਸੱਤਾ ਧਾਰੀ ਗੁਜਰਾਤ ਮਾਡਲੀ ਭਾਜਪਾ ਸਰਕਾਰ ਅਤੇ ਸੰਘ ਪਰਿਵਾਰ ਦੀ ਨੰਬਰ 2 ਸਿਆਸੀ ਟੀਮ ਆਮ ਆਦਮੀ ਪਾਰਟੀ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਵੇਖਦਾ ਹਾਂ। ਬਦਕਿਸਮਤੀ ਨਾਲ 'ਆਪ' ਪਾਰਟੀ ਨੂੰ ਵਿਦੇਸ਼ੀ ਪੰਜਾਬੀ, ਪੰਜਾਬ ਵਿਚ ਇਕ ਬਦਲ ਦੇ ਤੌਰ ਤੇ ਵੇਖ ਅਤੇ ਸਥਾਪਿਤ ਕਰਨ ਵਿਚ ਲੱਗੇ ਹੋਏ ਹਨ । ਜਦ ਕਿ 'ਆਪ' ਪਾਰਟੀ ਨੇ ਪੰਜਾਬ ਵਿਚ ਅਕਾਲੀਆਂ ਵਾਂਗ ਹੀ "ਸਿੱਖ ਮੁੱਦਿਆਂ" ਨੂੰ ਆਪਣੀ ਰਾਜਨੀਤਕ ਪਹੁੰਚ ਵਿਚੋਂ ਗ਼ਾਇਬ ਕਰ ਕੇ "ਸਿੱਖ ਜਜ਼ਬਾਤਾਂ" ਦਾ ਅਕਾਲੀਆਂ-ਭਾਜਪਾਈਆਂਵਾਂਗ ਹੀ ਸ਼ੋਸ਼ਣ ਕਰਨਾ, ਪਰ ਸਿੱਖਾਂ ਨੂੰ ਦੇਣਾ ਕੁਝ ਨਹੀਂ, ਸਗੋਂ ਜੋ ਪੱਲੇ ਹੈ ਉਹ ਵੀ ਖੋਹ ਲੈਣਾ ਆਪਣਾ ਮਨੋਰਥ ਮਿੱਥਆ ਹੈ। ਇਸ ਨੇ ਵੀ ਸਿੱਖਾਂ ਨੂੰ ਬਾਰ ਬਾਰ ਧੋਖਾ ਦੇ ਚੁੱਕੀਆਂ ਜੂਨ 84 ਤੋਂ ਬਾਅਦ ਉੱਭਰੀਆਂ ਖਾੜਕੂ ਸਿਆਸੀ ਧਿਰਾਂ ਨੂੰ ਹਾਸ਼ੀਏ ਤੋਂ ਬਾਹਰ ਕਰ, ਸ਼ੋਸ਼ਣ ਦੀ ਨੀਤੀ ਘੜੀ ਹੈ। ਇਨ੍ਹਾਂ ਸਭਨਾਂਨ ਵਿਚੋਂ "ਪੰਥ" ਦੀ ਰੂਹ ਅਲੋਪ ਹੈ।
ਇਨ੍ਹਾਂ ਸਭਨਾਂ ਹੀ ਧਿਰਾਂ ਪਾਸ ਪੰਜਾਬ ਨੂੰ ਦਰਪੇਸ਼ ਸਰਬ ਪੱਖੀ ਕੰਗਾਲੀ ਤੋਂ ਬਚਾਉਣ ਲਈ ਕੋਈ ਵੀ ਆਰਥਿਕ, ਸਮਾਜਿਕ, ਪਰਿਵਾਰਕ, ਵਿੱਦਿਅਕ, ਬੌਧਿਕ, ਖੇਤੀ ਅਤੇ ਉਦਯੋਗਿਕ ਨੀਤੀ ਨਹੀਂ ਹੈ। ਇਸ ਦੀ ਕੋਈ ਵੀ ਲੋੜ ਨਹੀਂ ਸਮਝੀ ਜਾ ਰਹੀ। ਜੇ ਆਰਥਿਕ ਪੱਖੋਂ ਸਰਕਾਰਾਂ ਦੀ ਪ੍ਰਾਪਤੀ ਦਾ ਨਰੀਖਣ ਕੀਤਾ ਜਾਵੇ ਤਾਂ 1947 ਤੋਂ ਬਾਅਦ ਭਾਰਤ ਸਰਕਾਰ ਵੱਲੋਂ ਜਿਤਨਾ ਧੰਨ, ਅਤੇ ਸਪੋਰਟ ਕਾਂਗਰਸ ਕਾਲ ਵਿਚ ਪੰਜਾਬ ਨੂੰ ਮਿਲਦੀ ਰਹੀ ਹੈ ਉਤਨੀ ਇਸ ਨੂੰ ਭਾਜਪਾਈ ਪ੍ਰਧਾਨ ਮੰਤਰੀ ਕਾਲ ਵਿਚ ਨਹੀਂ ਮਿਲੀ ਹੈ। ਜੇ ਸ੍ਰੀ ਮੋਰਾਰਜੀ, ਵਾਜਪਾਈ ਅਤੇ ਮੋਦੀ ਦੇ ਸ਼ਾਸਨ ਕਾਲ ਨੂੰ ਜੋੜ ਲਈਏ ਤਾਂ ਕਾਂਗਰਸ ਕਾਲ ਦੇ ਮੁਕਾਬਲੇ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਅਕਾਲੀਆਂ ਦੀ ਭਾਈਵਾਲੀ ਸਰਕਾਰਾਂ ਨੇ ਸਿਰਫ਼ 10% ਹੀ ਦਿੱਤਾ ਹੈ। ਸ੍ਰੀ ਬਾਦਲ ਸਮੇਤ ਪੰਜਾਬ ਦੇ ਆਰਥਿਕ ਅਤੇ ਬੌਧਿਕ ਮਾਹਿਰ ਇਸ ਵਿਸ਼ੇ ਤੇ ਜਾਣ ਬੁੱਝ ਕੇ ਦੜ ਵਟੀ ਰੱਖਦੇ ਹਨ। ਰਾਜ ਸਰਕਾਰ ਰਾਹੀਂ ਵੀ ਗੈਰ ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਪੰਜਾਬ ਦਾ ਆਰਥਿਕ ਅਤੇ ਸੰਸਥਾਗਤ ਬੁਨਿਆਦੀ ਵਿਕਾਸ ਹੋਇਆ ਹੈ। ਪੰਜਾਬ ਸਰਕਾਰ ਦਾ ਹੀ ਦਹਾਕੇ ਵਾਰ ਅਧਿਐਨ ਇਸ ਗੱਲ ਦੀ ਤੱਥ ਗਵਾਹੀ ਭਰਦਾ ਹੈ। 2017 ਦੀਆਂ ਚੋਣਾਂ ਵਿਚੋਂ ਇਹ ਸਿਖਰਲੀ ਲੋੜ ਗ਼ਾਇਬ ਹੈ।
ਕੁਲ ਮਿਲਾ ਕੇ ਪੰਜਾਬ ਪਾਸ ਇੱਕੋ ਇੱਕ ਰਾਜਨੀਤਕ ਵਿਚਾਰਧਾਰਾ ਦਾ ਅਮਲੀ ਬਦਲ ਬਚਿਆ ਹੈ। ਉਹ ਹੈ ਮਹਾਸ਼ਾ ਹਿੰਦੂਤਵ ਸੋਚ ਦੀ ਧਾਰਨੀ ਕਾਂਗਰਸੀ, ਹਿੰਦੂਤਵ ਨਾਲ ਰਲ਼ੀ ਪੰਜਾਬੀ ਅਕਾਲੀ, ਅਸਿੱਧੇ ਤੋਰ ਤੇ ਹਿੰਦੂਤਵ ਨਾਲ ਰਲ਼ੀ ਖਾੜਕੂ ਅਕਾਲੀ, ਅਤੇ ਸੰਘੀ ਹਿੰਦੂਤਵ ਦੀ ਸੋਚ ਨੂੰ ਅਮਲ ਵਿਚ ਲਿਆਉਣ ਦੀ ਪ੍ਰਤੀਨਿਧਤਾ ਕਰਦੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ । ਪੰਜਾਬ ਨੂੰ ਸਿੱਖੀ ਮਨੋਬਿਰਤੀ ਤੇ ਆਤਮਿਕ ਪੱਧਰ ਤੇ ਮਾਰ ਮੁਕਾਉਣ ਲਈ ਵੱਧ ਤੋਂ ਵੱਧ ਆਰ.ਪੀ.ਐਮ. ਤੇ ਫਿਰਕੀ ਵਾਂਗ ਫ਼ਿਰਕੂ ਬਣਾ ਦੇਣ ਲਈ; ਧੁਰਾ ਇੱਕੋ ਇੱਕ ਬਣਾ ਲਿਆ ਗਿਆ ਹੈ- ਹਿੰਦੂਤਵ । ਸਿੱਖਾਂ ਨੂੰ ਸੰਸਾਰ ਪੱਧਰ ਤੇ ਪੰਜਾਬੀ ਬਣਾ ਕੇ ਸਥਾਪਿਤ ਕਰ ਦੇਣ ਤੋਂ ਬਾਅਦ ਹੀ ਨਾਅਰਾ ਬੁਲੰਦ ਕੀਤਾ ਗਿਆ ਹੈ ਪੰਜਾਬ ਪੰਜਾਬੀਆਂ ਦਾ ! ਉਹ ਪੰਜਾਬ ਜਿਹੜਾ ਸਿੱਖ ਗੁਰਾਂ ਦੇ ਨਾਮ ਤੇ ਜਿਊਂਦਾ ਸੀ, ਉਹੀ ਹੁਣ ਪੰਜਾਬੀਆਂ ਦੇ ਨਾਮ ਤੇ ਲਾਮ ਲਸ਼ਕਰ ਲੈ ਕੇ ਨਿੱਤਰ ਚੁਕਾ ਹੈ। ਕੀ ਤੁਹਾਨੂੰ ਦਿਸਦਾ ਨਹੀਂ ? ਪੰਜਾਬ ਵਿਚ ਘਟ ਗਿਣਤੀ ਸਿੱਖਾਂ ਦੀ ਭਵਿੱਖਤ ਗੁਰਮਤਿ ਹੋਂਦ ਦੀ ਇਹੋ ਸਿਆਸੀ, ਸਮਾਜਿਕ, ਆਰਥਿਕ, ਬੌਧਿਕ ਅਤੇ ਧਾਰਮਿਕ ਤ੍ਰਾਸਦੀ ਬਣ ਚੁੱਕੀ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਅਤੇ ਵਿਸ਼ੇਸ਼ ਕਰ ਸਿੱਖਾਂ ਲਈ ਇਨ੍ਹਾਂ ਤ੍ਰਾਸਦੀਆਂ ਦੀਆਂ ਗੰਡਾਂ ਨੂੰ ਹੋਰ ਪੀਡਾ ਅਤੇ ਉਲਝਾਉਣ ਜਾ ਰਹੀਆਂ ਹਨ । ਇਹ ਕੰਮ ਪੰਜਾਬੀ ਅਤੇ ਸਿੱਖ ਆਪ ਰਲ਼-ਮਿਲ ਕੇ ਕਰਨਗੇ । ਸੰਸਾਰ ਪੱਧਰ ਤੇ ਸਭ ਤੋਂ ਵੱਧ ਸਿੱਖ ਜਜ਼ਬਾਤਾਂ ਦੇ ਸ਼ੋਸ਼ਣ ਰਾਹੀਂ ਯਥਾ ਸਥਿਤੀ ਨੂੰ ਬਣਾਈ ਰੱਖਣ ਲਈ, ਸਿੱਖ ਧਰਮ ਨਾਲ ਇੱਕ ਹੋਰ ਅਪਰਾਧਿਕ ਵਿਉਂਤਬੰਦੀ ਦੀ ਪੇਸ਼ ਬੰਦੀ ਨਾਲ ਪੰਜਾਬ ਆਪਣੇ ਆਪ ਨੂੰ ਇੱਕ ਹੋਰ ਸਿਆਸੀ ਅਤੇ ਨੀਤੀਗਤ ਧੋਖਾ ਦੇਣ ਲਈ ਪੱਬਾਂ ਭਾਰ ਹੋ ਚੁਕਾ ਹੈ । ਪੰਜਾਬੀ ਇੱਕ ਵਾਰ ਫਿਰ ਸਦੀ ਦੀ ਮਹਾਨ ਗ਼ਲਤੀ ਕਰਨ ਵੱਲ ਵੱਧ ਚੁੱਕੇ ਹਨ।
ਮੇਰਾ ਮੰਨਣਾ ਹੈ ਕਿ ਅਮਲੀ ਰੂਪ ਵਿਚ ਜਿਸ ਦਿਨ ਸਿੱਖਾਂ ਵਿਚੋਂ ਸਿੱਖੀ ਨੂੰ ਮਨਫ਼ੀ ਕਰ ਕੇ ਹਿੰਦੂਤਵ ਪੰਜਾਬੀ ਬਣਾ ਦਿੱਤਾ ਗਿਆ ਉਸੇ ਦਿਨ ਪੰਜਾਬ ਦੇ ਭਾਰਤੀ ਕਰਨ ਦੇ ਦਿਨ ਪੂਰੇ ਹੋ ਜਾਣਗੇ । ਗੁਜਰਾਤੀ ਤੇ ਬ੍ਰਾਹਮਣੀ ਸਮੀਕਰਨ ਵਾਲੀ ਸੱਤਾਧਾਰੀ ਧਿਰਾਂ ਇਸੇ ਦਿਸ਼ਾ ਵੱਲ ਪੰਜਾਬ ਨੂੰ ਲੈ ਕੇ ਜਾ ਰਹੀਆਂ ਹਨ । ਪੰਜਾਬ ਇੱਕ ਹੋਰ ਕ੍ਰਾਂਤੀ ਨੂੰ ਆਪਣੇ ਗਰਭ ਵਿਚ ਲੈ ਚੁਕਾ ਹੈ। ਪੰਜਾਬ ਦੇ ਮੂਲ ਨਿਵਾਸੀਆਂ ਅਤੇ ਕੁਦਰਤੀ ਮਾਲਕ ਹਾਕਮਾਂ ਨੂੰ ਤਾਂ ਆਪਣੀ ਸੁੱਧ-ਬੁੱਧ ਹੈ ਨਹੀਂ, ਇਸ ਲਈ ਇਸ ਕ੍ਰਾਂਤੀ ਦੇ ਉਭਾਰ ਦਾ ਗਰਭ ਕਾਲ ਕਿਤਨਾ ਹੋਵੇਗਾ ਇਹ ਵਾਤਾਵਰਨ ਤੇ ਹੀ ਨਿਰਭਰ ਕਰੇਗਾ। ਕਿਸੇ ਚੰਗੇ ਦੀ ਸੰਭਾਵਨਾ ਤਾਂ ਉੱਕਾ ਹੀ ਨਹੀਂ ਹੈ ਹਾਂ ਬਹੁਤ ਮਾੜੇ ਨੂੰ ਹੋਣ ਤੋਂ ਜੇ ਪੰਜਾਬੀ ਸੰਭਲ ਜਾਣ ਤਾਂ ਹਾਲੇ ਵੀ ਰੋਕਿਆ ਜਾ ਸਕਦਾ ਹੈ। ਅਫ਼ਸੋਸ ਕਿ ਪੰਜਾਬੀ ਬਣ ਚੁੱਕੇ ਸਿੱਖਾਂ ਪਾਸ ਇਸ ਲਈ ਵਕਤ ਨਹੀਂ ਹੈ। ਮੇਰੇ ਵਰਗੇ ਦੀ ਤ੍ਰਾਸਦੀ ਇਹ ਬਣ ਚੁੱਕੀ ਹੈ ਕਿ ਪੰਜਾਬੀਆਂ ਅੰਦਰ ਸਵੈਰਾਜੀ ਮਨੋਬਿਰਤੀ ਰਾਹੀਂ ਆਪਣਾ ਗੁਰਮਤਿ ਬਦਲ ਅਪਣਾਉਣ ਦੀ ਤਾਂ ਸੂਝ ਹੀ ਨਹੀਂ ਰਹੀ ਹੈ। ਜਿਸ ਕਰਕੇ ਗੁਰਮਤਿ ਬਦਲ ਵਜੋਂ "ਨਾਨਕਸ਼ਾਹੀ ਖ਼ਾਲਸਾਈ ਪ੍ਰਣਾਲੀ ਦੀ ਲੋਕਤੰਤਰੀ ਸਰਕਾਰ" ਬਣਾਉਣ ਹਿਤ ਹਾਲੇ ਪੰਜਾਬੀਆਂ ਦੀ ਸੰਸਾਰ ਵਿਚਲੀ ਮਨੋਬਿਰਤੀ ਨੂੰ ਬਦਲਣ ਲਈ ਪੈਂਡਾ ਆਰੰਭ ਹੀ ਨਹੀਂ ਕੀਤਾ ਗਿਆ। ਇਨ੍ਹਾਂ ਚੋਣਾ ਵਿਚ ਚੰਗੇ ਭਵਿੱਖ ਦੀਆਂ ਸੰਭਾਵਨਾਵਾਂ ਮੱਧਮ ਹਨ।
-ਅਤਿੰਦਰ ਪਾਲ ਸਿੰਘ
20 ਅਗਸਤ 2016
@sikhbard
 

No comments:

Post a Comment