Sunday, 29 January 2017

ਮਿੰਨੀ ਕਹਾਣੀ- "ਐਨ.ਆਰ.ਆਈ. ਆਏ ਪੰਜਾਬ"

ਗੁਰਬਖ਼ਸ਼ ਸਿੰਘਾਂ ਤੇਰਾ ਪੁੱਤ ਵੀ ਪੰਜਾਬ ਨੂੰ ਚੋਣ ਪ੍ਰਚਾਰ ਤੇ ਗਿਆ ਆ।
ਹਾਂ ਵਰਿਆਮ ਸਿੰਘਾਂ, ਕਹਿੰਦਾ ਸੀ ਐਤਕੀਂ ਝਾੜੂ ਨਾਲ ਪੰਜਾਬ ਦਾ ਗੰਦ ਸਾਫ਼ ਕਰ ਕੇ ਆਉਂਦਾ।
ਭਰਾਵੋ ਸਾਡਾ ਸ਼ਿੰਦਾ ਤਾਂ ਤੱਕੜੀ ਵਾਲਿਆਂ ਨਾਲ ਗਿਆ ਆ। ਕਹਿੰਦਾ ਇਹ ਟੋਪੀ ਵਾਲਿਆਂ ਨੇ ਤਾਂ ਪੰਜਾਬ ਧਾੜਵੀਆਂ ਵਾਂਗ ਲੁੱਟ ਲੈਣਾ ।
ਭੋਲਾ ਸਿੰਘ ਤੋਂ ਵੀ ਨਾ ਰਿਹਾ ਗਿਆ । ਨ੍ਹਾ ਭਲਾ ਦਸ ਕਰਤਾਰਿਆ ਬਾਕੀਆਂ ਨੇ ਕਿਹੜੀ ਕਸਰ ਛੱਡੀ ਆ।
ਬ੍ਰੈਮਟਨ ਦੀ ਮਜਲਸ ਵਿਚ ਧੂੰਆਂਧਾਰ ਪੰਜਾਬ ਦੀਆਂ ਚੋਣਾਂ ਤੇ ਬਹਿਸ ਚੱਲ ਰਹੀ ਸੀ। ਤਾਂ ਭੋਲਾ ਸਿੰਘ ਬੋਲਿਆ -
ਆਹ ਲੈ ਬਈ ਗੁਰਮੁਖ ਸਿੰਘ ਵੀ ਆ ਗਿਆ। ਇਹਦਾ ਸਤਿਨਾਮ ਤਾਂ ਨੌਕਰੀ ਛੱਡ ਕੇ "ਆਪ" ਵਾਲਿਆਂ ਦੇ ਪ੍ਰਚਾਰ ਤੇ ਗਿਐ ਬਈ....
ਮਾਯੂਸ ਜਿਹੀ ਆਵਾਜ਼ ਵਿਚ ਗੁਰਮੁਖ ਨੇ 'ਹੂੰ..' ਕਹਿ ਕੇ ਹਾਮੀ ਭਰੀ।
ਵਰਿਆਮ ਨੇ ਪੁੱਛਿਆ "ਸਭ ਠੀਕ ਤਾਂ ਹੈ ? ਮਾਯੂਸ ਕਿਉਂ ਪਫਰਦੈ ?"
ਕਾਹਦਾ ਠੀਕ ਆ ਭਰਾਵੋ...ਹਉਕਾ ਜਿਹਾ ਲੈ ਕੇ ਗੁਰਮੁਖ ਨੇ ਆਪਣੀ ਗੱਲ ਅੱਗੇ ਤੋਰੀ; "ਇਹ ਤਾਂ ਮੂਰਖਤਾ ਆ। ਪੰਜਾਬੋਂ ਇੱਥੇ ਆ ਕੇ ਅਸੀਂ 'ਸਾਫ਼' ਨੂੰ ਵੀ ਗੰਦਾ ਕਰ ਤਾਂ, ਤੇ ਤੁਰੇ ਆ ਪੰਜਾਬ ਦੀ ਸਫ਼ਾਈ ਕਰਨ...."
ਇੱਕ ਲੰਮੀ "ਹੂੰ......." ਨਾਲ ਸਾਰਿਆਂ ਨੇ ਸਾਂਝੀ ਹਾਮੀ ਭਰੀ।
ਭਲਾ ਦੱਸ ਗੁਰਬਖ਼ਸ਼ਿਆ, ਹਾਂ ਤੂੰ ਵੀ ਦੱਸ ਵਰਿਆਮ ਸਿੰਘ ਕੀ ਮੇਰੇ ਤੇ ਤੁਹਾਡੇ ਪੁੱਤਾ ਨੇ ਇੱਥੇ ਵਿਦੇਸ਼ਾਂ ਵਿਚ ਆਪਣੇ ਆਪ ਨੂੰ ਖ਼ਾਲਸਤਾਨੀ ਸਾਬਤ ਕਰ ਕੇ, "ਪੀ ਆਰ" ਨਹੀਂ ਲਈ ? ਹਾਂ ਦੱਸੋ......
ਭੋਲਾ ਸਿੰਘ ਬੋਲਿਆ ਗੱਲ ਤਾਂ ਪੱਕੀ ਆ । ਸਾਡਾ ਗੁੱਡੂ ਵੀ ਤਾਂ ਰਾਜਸੀ ਸ਼ਰਨ ਤੇ ਹੀ ਪੱਕਾ ਹੋਇਆ ਹਾਂ....
"ਹਾਂ ਇਹੋ ਦਰਦ ਆ ......ਗੁਰਮੁਖ ਨੇ ਅੱਗੇ ਬੋਲਣਾ ਸ਼ੁਰੂ ਕੀਤਾ। ਰੋਟੀ ਖਾਣ ਜੋਗੀ ਸਾਨੂੰ ਕੀਤਾ ਖ਼ਾਲਸਤਾਨ ਨੇ, ਤੇ ਪੰਜਾਬ ਵਿਚ ਬਸਤੇ ਚੁੱਕੀ ਫਿਰਦੇ ਆ ਅਸੀਂ 'ਆਪ' ਦੇ, ਅਕਾਲੀਆਂ ਦੇ ....ਨ੍ਹਾ ਭਾਈ; ਜੇ ਕਦੇ ਇੰਜ ਦੀ ਮਿਹਨਤ ਤੇ ਇਮਾਨਦਾਰੀ ਇਨ੍ਹਾਂ ਪਤੰਦਰਾਂ ਨੇ ਖ਼ਾਲਸਤਾਨ ਲਈ ਵੀ ਦਿਖਾਈ ਹੁੰਦੀ ਤਾਂ ਇਹ ਦਿਨ ਨਹੀਂ ਸੀ ਵੇਖਣੇ ਪੈਣੇ.....ਕਿਉਂ ਮੈਂ ਗ਼ਲਤ ਹਾਂ ?"
ਬੋਤਲਾਂ ਦੇ ਡਾਟ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਚੱਲ ਬਈ ਵਰਿਆਮ ਸਿੰਘਾਂ ਘਰ ਨੂੰ ਤੁਰੀਏ....ਹਾਂ ਭਰਾਵਾ ਗੁਰਬਖ਼ਸ਼ ਸਿੰਘਾਂ ਕੁਵੇਲਾ ਹੋਈ ਜਾਂਦੇ .... ਸੱਥ ਤੇ ਇਕੱਲਾ ਗੁਰਮੁਖ ਸਿੰਘ ਖ਼ਾਲੀ ਅੱਖਾਂ ਨਾਲ ਆਪਣੇ ਹੱਥੀਂ ਪਾਏ ਕੂੜੁ ਦੇ ਖ਼ਲਾਰੇ ਨੂੰ ਵੇਖੀ ਜਾਂਦੈ ਤੇ ਸੋਚੀ ਜਾਂਦੈ "ਆਪਾ, ਤਾਂ ਸੰਵਾਰਿਆ ਨਾ ਗਿਆ, ਤੁਰੇ ਆ ਸਾਫ਼ ਕਰਨ ਪੰਜਾਬ ! .....ਅਕ੍ਰਿਤਘਣ"
#sikhbard

No comments:

Post a Comment