ਪੰਜਾਬ ਚੋਣਾਂ 4 ਫਰਵਰੀ 2017
ਮੇਰਾ ਨਜ਼ਰੀਆ ਮੇਰਾ ਏਜੰਡਾ
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਚੋਣਾਂ ਤੇ ਚਰਚਾ ਛੇੜਨੀ ਨਿਰਮਾਣ ਕਾਰੀ ਪਿਰਤ ਹੁੰਦੀ ਹੈ। ਜੇ ਇਸ ਵਿਚ ਭਾਗ ਲੈਣ ਵਾਲੇ ਵਿਦਵਾਨ ਪਾਠਕ ਧੜੇਬੰਦਕ ਜਾਂ ਪਹਿਲਾਂ ਤੋਂ ਪਕਿਆਈ ਧਾਰਨਾ ਨੂੰ ਪਾਸੇ ਰੱਖ ਕੇ ਨਿਰੋਲ "ਸਿੱਖ ਚਿੰਤਕ ਪ੍ਰੋ. ਪੂਰਨ ਸਿੰਘ ਦੇ ਪੰਜਾਬ" ਹਿਤ ਚਰਚਾ ਕਰਨ ਲੱਗ ਜਾਣ ਤਾਂ ਪੰਜਾਬੀ ਆਪਣੀਆਂ ਨਸਲਾਂ ਲਈ ਨਰੋਆ ਭਵਿੱਖ ਉਸਾਰ ਸਕਦੇ ਹਨ।
ਲੋਕਰਾਜੀ ਸਿਆਸਤ, ਵਿਅਕਤੀਵਾਦ, ਮੁੱਦਾ ਹੀਣ, ਸ਼ਖ਼ਸੀਅਤ ਦੀ ਗ਼ੁਲਾਮੀਅਤ ਦੀ ਬਲੱਡ ਕੈਂਸਰ ਦੀ ਆਖ਼ਰੀ ਸਟੇਜ ਤੇ ਅੱਪੜੀ ਖ਼ੁਦੀ ਦੀ ਕੁਰਸੀ ਲਈ ਸਤਾ ਹਾਸਿਲ ਕਰਨ ਲਈ ਸਭ ਕੁਝ ਤਬਾਹ ਕਰਨ ਦੀ ਚਰਮ ਸੀਮਾ ਤੇ ਪਹੁੰਚੀ ਹੋਈ ਹੈ। "ਘਰ ਘਰ ਕੈਪਟਨ", "ਬਾਦਲ ਨਹੀਂ ਤਾਂ ਲੋਕ ਭਲਾਈ ਲਈ ਅਰੰਭੀਆਂ ਮੁਫ਼ਤ ਸਕੀਮਾਂ ਨਹੀਂ", ਤੇ ਕੇਜਰੀਵਾਲ ਦਾ ਆਪਣੇ ਮੂੰਹੋਂ ਖ਼ੁਦ ਇਹ ਕਹਿਣਾ "ਪੰਜਾਬ ਵਿਚ ਸਿਰਫ਼ ਤੁਸੀਂ ਮੇਰਾ ਚਿਹਰਾ ਦੇਖ ਕੇ ਵੋਟ ਪਾਓ" ਅੱਲਾਹ ਹੂ ਅਕਬਰ ਤੋਂ ਸਿਵਾ ਹੋਰ ਕੀ ਹੈ ? ਸਾਰੀਆਂ ਧਿਰਾਂ ਦੇ ਸੁਪਰੀਮੋ ਨਿਰੰਕੁਸ਼ ਤਾਨਾਸ਼ਾਹੀ ਦੀ ਨਾਜ਼ੀਵਾਦੀ ਗੋਇਬਲਜ਼ ਧਾਰਨਾ ਨਾਲ ਪੰਜਾਬੀਆਂ ਨੂੰ ਠੱਗ ਨਹੀਂ ਰਹੇ ਤਾਂ ਹੋਰ ਕੀ ਕਰ ਰਹੇ ਹਨ ? ਇਸ ਸੋਚ ਤੇ ਬੁੱਧੀਮਾਨ ਲੋਕ ਇਹ ਨਜ਼ਰੀਆ ਪੇਸ਼ ਕਰਨ ਕਿ "ਪੰਜਾਬ ਨਫ਼ਾ ਨੁਕਸਾਨ ਸੋਚੇ ਬਿਨਾ ਬਦਲ ਲਿਆਉਂਦਾ ਹੈ" ਪੰਜਾਬ ਦੀ ਇਸ ਤ੍ਰਾਸਦੀ ਨੂੰ ਕੰਧ ਤੇ ਨਹੀਂ ਲਿਖਦਾ ਕਿ ਉਹ ਲੋਕ, ਜਿਨ੍ਹਾਂ ਦੇ ਮੋਢਿਆਂ ਤੇ ਲੋਕ ਰਾਏ ਖੜੀ ਕਰਨ ਦੀ ਜ਼ਿੰਮੇਵਾਰੀ ਹੈ, ਉਹ ਆਪਣੀ ਜ਼ਿੰਮੇਵਾਰੀ ਤੋਂ ਭਗੌੜੇ ਹੋ ਕੇ ਲੁਕਾਈ ਨੂੰ ਹਮੇਸ਼ਾ ਅੰਨ੍ਹੀ ਵਿਚ ਕੁੱਦਣ ਲਈ ਹੀ ਤਿਆਰ ਰਹਿਣ ਦੀ ਸਿੱਖ ਦਿੰਦੇ ਆਏ ਹਨ ਤੇ ਅੱਗੋਂ ਵੀ ਦੇ ਰਹੇ ਹਨ ਤੇ ਭਵਿੱਖ ਵਿਚ ਦਿੰਦੇ ਰਹਿਣ ਦਾ ਪ੍ਰਣ ਦੁਹਰਾ ਰਹੇ ਹਨ !
ਪੰਜਾਬ ਦੀ ਚੋਣ ਪੰਜਾਬ ਰਾਜ ਦੇ ਖ਼ਿੱਤੇ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਜਾਂ ਮੁੱਦਿਆਂ ਦੀ ਬਜਾਏ ਸ਼ਖ਼ਸੀਅਤ ਮੁਖੀ ਪੁਰਸ਼ ਵਾਚਕ ਲੜੀ ਜਾ ਰਹੀ ਹੈ। ਇਸ ਵਿਚ ਵੀ ਨਿਰੰਕੁਸ਼ ਤਾਨਾਸ਼ਾਹੀ ਵਿਅਕਤੀਤਵ ਮਗਰ ਲੱਗਣ ਲਈ ਕਿਹਾ ਜਾ ਰਿਹਾ ਹੈ। ਸਿਆਸਤਦਾਨਾਂ ਦੇ ਚਹੇਤੇ ਤਾਂ ਧਾੜਵੀਆਂ ਵਾਂਗ ਭਾਰਤੀ ਲੋਕਰਾਜੀ ਸੰਸਦੀ ਮਾਡਲ ਰਾਹੀਂ ਸਤਾ ਹਥਿਆਉਣ ਅਤੇ ਆਪਣੇ ਚਹੇਤਿਆਂ ਲਈ ਇਸ ਨੂੰ ਲੋਕਾਂ ਦੇ ਲਹੂ ਦੇ ਆਖ਼ਰੀ ਕਤਰੇ ਤਕ ਚੋ ਲੈਣ ਲਈ ਬਘਿਆੜਾਂ ਵਾਂਗ ਟੁੱਟ ਕੇ ਪਏ ਹਨ। ਸਤਾ ਦੀ ਚੌਧਰ ਤਾਕਤ ਰਾਹੀਂ ਧੰਨ ਕਮਾਉਣਾ ਇੱਕੋ ਇੱਕ ਮਕਸਦ ਸਾਹਮਣੇ ਹੋਣ ਤੋਂ ਸਿਵਾ ਹੋਰ ਕੁਝ ਨਹੀਂ ਹੈ। ਇਸੇ ਇੱਕੋ ਆਸ਼ੇ ਲਈ ਚੋਣਾਂ ਵਿਚ ਇਹ ਲੋਕ ਆਪੋ ਆਪਣੇ ਧੰਨ ਕੁਬੇਰਾਂ ਲਈ ਚੋਣਾਂ ਲੜਦੇ ਹਨ। ਫ਼ਿਕਰ ਵਾਲੀ ਗੱਲ ਇਹ ਹੈ ਕਿ ਦੇਸ਼ ਅਤੇ ਪੰਜਾਬ ਦੇ ਵਿਦਵਾਨ ਚੇਤੰਨ ਲੋਕ ਵੀ ਇਸੇ ਦੇ ਹੀ ਹਮਰਾਹ ਬਣ ਚੁੱਕੇ ਹਨ। ਇਸ ਲੀਕ ਨੂੰ ਕੁੱਟਣ ਵਾਲੀ ਰੀਤ ਦੀ ਥਾਂ ਤੇ ਰਾਜ ਸਿੰਘਾਸਣ ਵਰਤਣ, ਸ਼ਾਸਨ ਕਰਨ, ਨਾ ਕਾਮਯਾਬ ਹੋ ਚੁੱਕੇ ਢਾਂਚੇ ਨੂੰ ਬਦਲਣ ਅਤੇ ਪ੍ਰਸ਼ਾਸਨ ਨੂੰ ਲੋਕਪੱਖੀ ਤੇ ਕਲਿਆਣਕਾਰੀ ਪਿਰਤਾਂ ਤੇ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਸੁਚਾਰੂ ਤੇ ਸਭ ਲਈ ਇੱਕ ਸਮਾਨ ਚਲਾਉਣ ਹਿਤ ਸੰਵਿਧਾਨ ਅੰਦਰਲੀਆਂ ਮਿਲਦੀਆਂ ਸ਼ਕਤੀਆਂ ਰਾਹੀਂ ਨਵੇਂ ਬਦਲ ਸਾਹਮਣੇ ਲਿਆਉਣ ਲਈ ਕ੍ਰਾਂਤੀਕਾਰੀ ਕਦਮ ਚੁੱਕਣ ਦੀ ਲੋੜ ਹੈ। ਰਾਜ ਦੇ ਇਸ ਮੁੱਖ ਉਦੇਸ਼ ਲਈ ਕਿਸੇ ਵੀ ਦਲ ਨੇ ਆਪਣੇ ਪੱਤੇ ਨਹੀਂ ਖੋਲੇ ਹਨ ਜਾਂ ਇਹ ਕਹਿਣਾ ਜ਼ਿਆਦਾ ਉਚਿੱਤ ਹੈ ਕਿ ਕਿਸੇ ਪਾਸ ਵੀ ਕੋਈ ਯੋਜਨਾਂ ਨਹੀਂ ਹੈ । ਇਸ ਤੋਂ ਬਗੈਰ ਦੇਸ਼ ਅਤੇ ਖ਼ਾਸ ਕਰ ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ। ਵਿਧਾਇਕਾ ਲਈ ਵਿਧਾਇਕ ਇਸੇ ਲਈ ਚੁਣੇ ਜਾਂਦੇ ਹਨ ਪਰ ਪੰਜਾਬ ਦੇ ਅਤੇ ਦੇਸ਼ ਦੇ ਵੋਟਰ ਨੂੰ ਇਹ ਕਿਸੇ ਨੇ ਕਦੇ ਸਮਝਾਇਆ ਹੀ ਨਹੀਂ ਹੈ। ਬਦਕਿਸਮਤੀ ਨਾਲ ਪੰਜਾਬ ਦੇ ਕਿਸੇ ਵੀ ਵਰਗ ਚੋਣਾਂ ਵਿਚ ਲੰਗੋਟੇ ਕੱਸੀ ਫਿਰਦੇ ਦੇਸੀ ਤੋਂ ਵਿਦੇਸ਼ੀ ਪੰਜਾਬ ਦੇ ਵਸਨੀਕਾਂ ਦੇ ਏਜੰਡੇ ਤੇ ਇਹ ਨਹੀਂ ਹੈ।
ਪੰਜਾਬ ਦੀ ਇੱਕ ਦੂਜੇ ਤੇ ਵਿਅਕਤੀਗਤ ਦੂਸ਼ਣ ਲਾਉਣ ਵਾਲੀ ਜੁਮਲਾ ਬਾਜ਼ੀ ਨਾਲ ਹੁਣ ਪੰਜਾਬ ਬਚਨ ਵਾਲਾ ਨਹੀਂ ਹੈ। ਜੇ ਕਾਂਗਰਸ ਦਾ ਪੰਜਾਬ ਦੇ ਹਰ ਇੱਕ ਘਰ ਵਿਚ ਇਕ ਨੌਕਰੀ ਦੇਣਾ ਜਾਂ ਬੇਰੁਜ਼ਗਾਰੀ ਭੱਤਾ ਦੇਣਾ ਸੰਭਵ ਨਹੀਂ ਹੈ ਤਾਂ ਫਿਰ 'ਆਪ' ਵਾਲਿਆਂ ਵੱਲੋਂ 25 ਲੱਖ ਨੌਕਰੀਆਂ ਦੇਣਾ ਵੀ ਕਿਵੇਂ ਸੰਭਵ ਹੋਵੇਗਾ ? ਜੇ ਆਇਆ ਰਾਮ ਗਰਿਆ ਰਾਮ ਦੀ ਸਿਆਸਤ ਦੀ ਸ਼੍ਰੋਮਣੀ ਸਿੰਬਲ ਬਣ ਕੇ ਸਾਹਮਣੇ ਆਈ 'ਆਪ' ਵਿਚਲੇ 70% ਅਹੁਦੇਦਾਰ ਰਾਤੋਂ ਰਾਤ ਸਾਬਕਾ ਅਕਾਲੀ, ਭਾਜਪਾਈ, ਕਾਂਗਰਸੀ ਅਤੇ ਕਮਿਊਨਿਸਟ ਹੀ ਹਨ । ਜਿਨ੍ਹਾਂ ਦਾ ਇਸ ਪਾਰਟੀ ਦੇ ਖੜ੍ਹਾ ਕਰਨ ਵਿਚ ਸਿਫ਼ਰ ਯੋਗਦਾਨ ਹੈ ਤਾਂ ਫਿਰ ਸੱਤਾ ਵਿਚ ਬਦਲ ਦੀ ਕੀ ਲੋੜ ਹੈ ? ਹੋਰ ਜੇ ਜਿਸ ਮੌਕਾਪ੍ਰਸਤੀ ਦੀ "ਸਵੈ ਪਸੰਦ ਅਤੇ ਨਿੱਜ ਗ਼ਰਜ਼ੀ" ਸਿਆਸਤ ਨੂੰ ਅਕਾਲੀ, ਭਾਜਪਾਈ, ਕਾਂਗਰਸੀ ਤੇ ਹੋਰ ਜਮਾਤਾਂ ਨੇ ਆਪਣੀ ਸਿਆਸਤ ਦੀ ਕੁੱਖ ਵਿਚੋਂ ਪੈਦਾ ਕੀਤਾ ਹੈ, ਉਸੇ ਹੀ ਕੁੱਖ ਨੂੰ 'ਆਪ' ਨੇ ਆਪਣੀ ਮਾਂ ਬਣਾ ਲਿਆ ਹੈ; ਤਾਂ ਫਿਰ ਕੀ ਅਜਿਹੀ ਸਿਆਸਤ ਦੇ ਅਜਿਹੇ ਬਦਚਲਨ 'ਬਾਪ' ਨੂੰ ਲੋਕਰਾਜੀ ਕੋਠੇ ਤੇ ਚੜ੍ਹਨ ਤੋਂ ਜਨਤਾ ਰੋਕ ਸਕੇਗੀ ?
ਜਿਹੜੇ ਅਕਾਲੀ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਸਮੇਂ ਬਾਦਲ ਨਾਲ ਰਹਿ ਕੇ ਚੁੱਪ ਦੜ ਵਟੀ ਬੈਠੇ ਸਨ ਉਹੀ ਅਕਾਲੀ ਅੱਜ ਰਾਜਲੇ, ਟੌਹੜਾ, ਭੌਰ ਅਤੇ ਸੱਜਰੇ ਮੌਕਾਪ੍ਰਸਤ ਦਲ ਬਦਲੂ 30 ਹੋਰ ਐਮ ਐਲ ਏ ਉਮੀਦਵਾਰ ਬਣਨ ਵਿਚ ਕਾਮਯਾਬ ਹੋ ਗਏ ਹਨ ਤਾਂ ਕਿਵੇਂ ਉਨ੍ਹਾਂ ਸਿੱਖਾਂ ਦੀ, ਐਨ.ਆਰ.ਆਈ. ਦੀ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਨਗੇ ਜੋ ਇਹ ਸੋਚਦੇ ਹਨ ਕਿ "ਆਪ ਬਦਲ" ਵਜੋਂ ਸਿੱਖ-ਪੰਜਾਬ ਹਿਤੈਸ਼ੀ ਹੈ ? ਕੀ ਆਇਆ ਰਾਮ ਗਿਆ ਰਾਮ ਵਰਗੇ ਮੌਕਾਪ੍ਰਸਤਾਂ ਰਾਹੀਂ ਸੱਤਾ ਹਥਿਆਉਣ ਨੂੰ ਹੀ "ਕ੍ਰਾਂਤੀ ਅਤੇ ਕ੍ਰਾਂਤੀਕਾਰੀ ਸਿਆਸਤ" ਕਹਿੰਦੇ ਹਨ ? ਅਗਰ ਹਾਂ ਤਾਂ ਫਿਰ ਜਿਨ੍ਹਾਂ ਨੇ ਪੰਜਾਬ ਦੇ, ਸਿੱਖਾਂ ਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਮਰਿਆਦਾ ਲਈ, ਹਿਤਾਂ ਲਈ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਨੂੰ ਪਾਰਟੀ ਟਿਕਟਾਂ ਦੇਣ ਵਾਲੇ ਕਿਉਂ ਮਾੜੇ ਹੋ ਗਏ ?
ਪੰਜਾਬ ਦੇ ਅੰਮ੍ਰਿਤਧਾਰੀ ਵੋਟਰਾਂ ਅਤੇ ਐਨ. ਆਰ. ਆਈ. ਨੇ ਕੀ "ਆਪ" ਪਾਰਟੀ ਦੇ ਪੰਜਾਬ ਅਤੇ ਭਾਰਤ ਦੇ ਸੁਪਰੀਮੋ ਤੋਂ ਨਿਰੰਕਾਰੀਆਂ ਅਤੇ ਰਾਧਾ ਸਵਾਮੀਆਂ ਨਾਲ ਆਪਣੇ ਨਿੱਜੀ ਅਤੇ ਵਿਸ਼ਵਾਸ ਤੇ ਧਰਮ ਦੇ ਸਬੰਧ ਖ਼ਤਮ ਕਰ ਲੈਣ ਦਾ ਕੋਈ ਪ੍ਰਣ ਕਰਵਾ ਲਿਆ ਹੈ ?
ਜੇ ਸਵਾਮੀਨਾਥਨ ਰਿਪੋਰਟ ਦਿੱਲੀ ਵਿਚ ਢਾਈ ਸਾਲਾਂ ਵਿਚ ਲਾਗੂ ਨਹੀਂ ਹੋ ਸਕੀ ਤਾਂ ਉਹ ਪੰਜਾਬ ਵਿਚ ਕਿਵੇਂ ਲਾਗੂ ਹੋ ਜਾਵੇਗੀ ? ਦਿੱਲੀ ਵਿਚ ਪੰਜਾਬ ਦੇ ਫੁੱਲਾਂ ਦੀ ਖੇਤੀਕਰਦੇ ਕਿਸਾਨਾਂ ਦਾ, ਸਬਜ਼ੀ ਉਗਾਉਂਦੇ ਕਿਸਾਨਾਂ ਦਾ ਅਤੇ ਦਿੱਲੀ ਹਰਿਆਣਾ ਵਿਚਲੇ ਬਾਸਮਤੀ ਦੀ ਖਰੀਦਕਰਦੇ ਸ਼ੈਲਰ ਅਤੇ ਵਪਾਰੀਆਂ ਰਾਹੀਂ ਹੁੰਦੇ ਕਿਸਾਨੀ ਦੇ ਸ਼ੋਸ਼ਣ ਦਾ ਕੀ ਰਾਜੇਵਾਲ ਨੇ ਕੋਈ ਰਾਹ ਕੱਢ ਲਿਆ ਹੈ ,ਕਿਸਾਨ ਯੂਨੀਅਨ ਸਪਸ਼ਟ ਜਵਾਬ ਦੇਵੇਗੀ ? ਮੈਂ ਇਸ ਦਾ ਆਪ ਗਵਾਹ ਹਾਂ ਤੇ ਖੁਦ ਰਾਜੇਵਾਲ ਅਤੇ ਉਸ ਦੀ ਜੱਥੇਬੰਦੀ ਦੇ ਕਈ ਕਿਸਾਨਾਂ ਦਾ ਪੇਸਾ ਕਢਵਾਉਣ ਲਈ ਮੈਨੂੰ ਰਾਜੇਵਾਲ ਨਾਲ ਲੈ ਕੇ ਜਾਂਦਾ ਰਿਹਾ ਹੈ। ਕੀ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਇਹ ਮਸਲੇ ਹੱਲ ਕਰ ਦਿੱਤੇ ਹਨ ?
ਜਿਸ ਨਸ਼ੇ ਦੀ ਕਮਾਈ ਨਾਲ ਪੰਜਾਬ ਰਾਜ ਸਰਕਾਰ ਦਾ 72% ਮਾਲੀਆਂ ਨਿਰਭਰ ਹੈ, ਮੁਲਾਜ਼ਮਾਂ ਨੂੰ ਤਨਖ਼ਾਹਾਂ ਇਸੇ ਤੋਂ ਮਿਲਦੀਆਂ ਹਨ, ਉੱਥੇ ਇੱਕ ਮਹੀਨੇ ਵਿਚ ਕਿਵੇਂ ਨਸ਼ੇ ਬੰਦ ਹੋ ਜਾਣਗੇ ? ਕੈਪਟਨ ਅਤੇ ਕੇਜਰੀਵਾਲ ਪਾਸ ਇਸ ਦਾ ਕੀ ਡਰਾਫ਼ਟ ਹੈ ?
ਹੋਰ ਸਭ ਤੋਂ ਵੱਡੀ ਗੱਲ ਜਿਸ ਲਈ ਸਾਰੀਆਂ ਹੀ ਸਿਆਸੀ, ਸਮਾਜਿਕ, ਧਾਰਮਿਕ ਅਤੇ ਹੋਰ ਧਿਰਾਂ ਅਤੇ ਲੋਕ ਜ਼ਿੰਮੇਵਾਰ ਹਨ ਉਹ ਇਹ ਕਿ ਪੈਦਾ ਕੀਤੇ ਜਾ ਚੁੱਕੇ "ਮੁਫ਼ਤਖ਼ੋਰੀ ਦੀ ਸਹੂਲਤਾਂ ਤੇ ਪਲਦੇ ਲੋਕ ਬਿੱਲੀ ਅੱਗੇ ਕਬੂਤਰ ਬਣ ਅੱਖਾਂ ਬੰਦ ਕਰੀ ਬੈਠੇ ਹਨ ਉਹ ਇਹ ਕੀ ਜਿਹੜੀਆਂ ਮੁਫ਼ਤ ਖੋਰੀ ਦੀਆਂ ਸਕੀਮਾਂ ਅਤੇ ਵਿਤਕਰੇ ਭਰਪੂਰ ਅਣਮਨੁੱਖੀ ਰਾਖਵਾਂਕਰਨ ਕੀ ਬੰਦ ਕਰਨਗੇ ? ਪੰਜਾਬ ਰਾਜ ਦੇ ਇਮਾਨਦਾਰ ਲੋਕਾਂ ਦੀ ਕੁੱਲ ਕਮਾਈ ਨੂੰ ਖਾ ਜਾਣ ਵਾਲੀ ਇਹ ਮੁਫ਼ਤ ਖੋਰੀ ਪੰਜਾਬ ਦੀ ਆਰਥਿਕਤਾ ਦੀ ਭਰੂਣ ਹਤਿਆਰੀ ਬਣ ਚੁੱਕੀ ਹੈ। ਉਹ ਤਾਂ ਸਭ ਇਸੇ ਨਾ ਬਰਾਬਰਤਾ ਨੂੰ ਹੋਰ ਵਧਾਉਣ ਦੀਆਂ ਲੋਕ ਲਭਾਊ ਨਹੀਂ ਸਗੋਂ ਵੋਟ ਖ਼ਰੀਦ ਲਈ ਸਰਕਾਰੀ ਧੰਨ ਦੀ ਦੁਰਵਰਤੋਂ ਹੋਰ ਰੱਜ ਕੇ ਕਰਨ ਦੇ ਪ੍ਰਣ ਦੇ ਰਹੇ ਹਨ। ਇਸ ਮੁਫ਼ਤ ਖੋਰੀ ਰਾਹੀਂ ਵਿਹਲੜ ਬਣਾਈ ਜਾ ਚੁੱਕੀ ਲੋਕ ਮਾਨਸਿਕਤਾ ਵਿਚ ਬਦਲਾ ਲਿਆ ਕੇ ਇਸ ਨੂੰ "ਕਿਰਤ ਮੁਖੀ" ਬਣਾਉਣਾ ਦਾ ਏਜੰਡਾ ਕਿਸੇ ਵੀ ਦਲ ਨੇ ਨਹੀਂ ਦਿੱਤਾ ਹੈ। ਜਿਸ ਦਾ ਸਪਸ਼ਟ ਅਰਥ ਹੈ ਕਿ ਉਹ ਪੰਜਾਬ ਦੇ ਭਵਿੱਖ ਦੀ ਨਸਲਕੁਸ਼ੀ ਕਰ ਦੇਣ ਲਈ ਹੀ ਚੋਣਾਂ ਵਿਚ ਸਿਰਫ਼ ਗ਼ਰਜ਼ਾਂ ਪੂਰਤੀ ਲਈ ਨਿੱਤਰੇ ਹਨ ।
ਸਿਆਸਤ ਵਿਚ ਕ੍ਰਾਂਤੀਕਾਰੀ ਸੁਧਾਰ, ਸਤਾ ਅਤੇ ਰਾਜ ਕਰਨ ਦੇ ਢਾਂਚੇ ਵਿਚ ਨਵੀਨਤਾ ਦੇ ਲੋਕ ਪੱਖੀ ਬਦਲ ਪੇਸ਼ ਕਰਨਾ, ਵਿੱਦਿਅਕ ਢਾਂਚੇ ਨੂੰ ਵਪਾਰੀਕਰਨ ਦੀ ਸ਼ੋਸ਼ਣ ਕਾਰੀ ਨੀਤੀਆਂ ਤੋਂ ਮੁਕਤ ਕਰਵਾਉਣਾ, ਸਿਹਤ ਸੇਵਾਵਾਂ ਨੂੰ ਕਾਰਪੋਰੇਟ ਲੁੱਟ ਖਸੁੱਟ ਤੋਂ ਆਜ਼ਾਦ ਕਰਵਾਉਣਾ, ਵਪਾਰ ਢਾਂਚਾ ਅਤੇ ਆਰਥਿਕਤਾ, ਖੇਤੀ, ਬਿਜਲੀ, ਪਾਣੀ, ਸੜਕਾਂ, ਟਰਾਂਸਪੋਰਟ ਨੂੰ "ਕਾਰਪੋਰੇਟ ਸੈਕਸ਼ਨ" ਦੇ ਹਵਾਲੇ ਕਰ ਕੇ ਕੀਤਾ ਜਾ ਰਿਹਾ ਨਿਰਦਈ ਸ਼ੋਸ਼ਣ ਕਿਸੇ ਵੀ ਸਿਆਸੀ ਧਿਰ ਅਤੇ ਪੰਜਾਬ ਦੇ ਪੜ੍ਹੇ ਲਿਖੇ, ਬੁੱਧੀਮਾਨ ਅਤੇ ਸਧਾਰਨ ਵੋਟਰ ਦੇ ਏਜੰਡੇ ਤੇ ਕਿਉਂ ਨਹੀਂ ਹੈ ?
ਪੰਜਾਬ ਦੇ ਸਾਹਮਣੇ ਪੰਜਾਬ ਵਿਚਲੀ ਮਨੁੱਖਤਾ ਨੂੰ ਸਭ ਤੋਂ ਵੱਡਾ ਮੌਤ ਦਾ ਖ਼ਤਰਾ ਵਾਤਾਵਰਨ ਪ੍ਰਦੂਸ਼ਣ ਦੇ ਫੈਲਣ ਅਤੇ ਇਸ ਦੇ ਲਗਾਤਾਰ ਵਧਣ ਤੋਂ ਹੈ । ਇਸ ਕਰ ਕੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਦੂਜੇ ਨੰਬਰ ਤੇ ਪੀਣ ਯੋਗ ਪਾਣੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਨਹੀਂ ਹੈ । ਧਰਤੀ ਹੇਠਲੇ ਪਾਣੀ ਦਾ ਲੇਬਲ ਵੀ ਖ਼ਤਰੇ ਦੇ ਲਾਲ ਨਿਸ਼ਾਨ ਤੋਂ ਹੇਠਾਂ ਜਾ ਚੁਕਾ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਮਾਰੂਥਲ ਬਣਨ ਵੱਲ ਵੱਧ ਪਿਆ ਹੈ। ਦੂਸ਼ਿਤ ਪਾਣੀ ਪੰਜਾਬ ਵਿਚ ਕੈਂਸਰ ਅਤੇ ਮਹਾਂਮਾਰੀ ਦਾ ਰੂਪ ਲੈ ਚੁੱਕੇ ਕਾਲੇ ਪੀਲੀਏ ਸਮੇਤ ਬਹੁਤ ਸਾਰੀਆਂ, ਪੇਟ, ਜਿਗਰ, ਦਿਲ, ਦਿਮਾਗ਼ ਅਤੇ ਐਲਰਜੀ ਦੀਆਂ ਬਿਮਾਰੀਆਂ ਦੀ ਜੜ੍ਹ ਹੈ । ਇਨ੍ਹਾਂ ਤੋਂ ਮੌਤਾਂ ਦੀ ਗਿਣਤੀ ਬਹੁਤਾਤ ਹੈ। ਤੀਜਾ ਹਰੀ ਕ੍ਰਾਂਤੀ ਦੇ ਦੁਰ ਪ੍ਰਭਾਵ ਕਰ ਕੇ ਮਿੱਟੀ ਦੀ ਜ਼ਰਖੇਜ਼ੀ ਦਾ ਮੁੱਕ ਜਾਣਾ ਅਤੇ ਦੇਸ਼ ਦਾ ਢਿੱਡ ਭਰਨ ਕਰ ਕੇ ਪੰਜਾਬ ਦੀ ਮਿੱਟੀ ਦੇ ਢਿੱਡ ਵਿਚ ਪਾਈਆਂ ਗਈਆਂ ਬੇਤਹਾਸ਼ਾ ਕੀਟਨਾਸ਼ਕ ਜ਼ਹਿਰੀਲੀਆਂ ਦਵਾਈਆਂ ਅਤੇ ਅਨ ਮਿਆਰੀ ਖਾਦ ਕਰ ਕੇ ਮਿੱਟੀ ਦਾ ਜ਼ਹਿਰੀਲਾ ਹੋ ਜਾਣਾ, ਜਿਸ ਨਾਲ ਪੰਜਾਬ ਵਿਚ ਬਾਂਝਪਣ ਅਤੇ ਨਪੁੰਸਕਤਾ ਵਿਚ ਵਾਧਾ ਹੋਣਾ ਮਨੁੱਖੀ ਨਸਲ ਘਾਤ ਦੇ ਸਰਕਾਰੀ ਜੁਰਮ ਵਿਚ ਹੀ ਆਉਂਦਾ ਹੈ। ਅਕਾਲੀ ਭਾਜਪਾ ਦੇ ਪਿਛਲੇ ਪੰਜ ਸਾਲਾਂ ਦੇ ਸਮੇਂ ਵਿਚ ਲੋੜ ਨਾ ਹੋਣ ਦੇ ਬਾਵਜੂਦ ਥਰਮਲ ਬਿਜਲੀ ਪਲਾਂਟ ਲਾਈ ਜਾਣ ਨਾਲ ਵਾਤਾਵਰਨ ਵਿਚ ਫੈਲ ਰਹੀ ਬੇਤਹਾਸ਼ਾ ਰਾਖ ਅਤੇ ਜਿੱਥੇ ਕੋਲਾ ਉੱਤਰਦਾ ਹੈ ਉਨ੍ਹਾਂ ਸ਼ਹਿਰਾਂ ਵਿਚ ਖ਼ਾਸ ਕਰਕੇ ਅਤੇ ਪੂਰੇ ਪੰਜਾਬ ਵਿਚ ਆਮ ਕਰ ਕੇ ਦਮਾ ਰੋਗ ਤੇ ਫੇਫੜਿਆਂ ਦੀ ਬਿਮਾਰੀ ਵਿਚ ਹੁੰਦਾ ਜਾ ਰਿਹਾ ਵਾਧਾ ਤੇ ਇਨ੍ਹਾਂ ਸਾਰੀਆਂ ਦੀ ਆਪਸੀ ਇਕੱਠੀ ਪ੍ਰਦੂਸ਼ਣ ਦੀ ਤਾਕਤ ਨਾਲ ਪੰਜਾਬ ਵਿਚ ਪੂਰੇ ਦੇਸ਼ ਨਾਲੋਂ ਵੱਧ ਅਪੰਗਤਾ ਤੇ ਜਣਨ ਸ਼ਕਤੀ ਦਾ ਘਟਨਾ ਕੁਝ ਉਹ ਮਨੁੱਖਤਾ ਦੇ ਖ਼ਿਲਾਫ਼ ਹੁੰਦੇ ਦਹਿਸ਼ਤੀ ਜੁਰਮ ਹਨ ਜਿਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਪੰਜਾਬ ਵਿਚ ਜੇ ਮਨੁੱਖਤਾ ਹੀ ਨਾ ਬਚੀ ਤਾਂ ਸ਼ਾਸਨ, ਸੁ ਸ਼ਾਸਨ, ਸਤਾ ਵਿਚ ਬਦਲ ਫਿਰ ਕਾਹਦੇ ਲਈ ? ਤ੍ਰਾਸਦੀ ਇਹ ਹੈ ਕਿ ਇਸ ਵਾਰ ਸਭ ਤੋਂ ਵੱਧ ਵਿਦੇਸ਼ੀ ਪੰਜਾਬੀਆਂ ਨੇ ਪੰਜਾਬ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਹਿੱਸਾ ਲਿਆ ਹੈ। ਉਨ੍ਹਾਂ ਨੇ ਵੀ ਇਨ੍ਹਾਂ ਸ਼੍ਰੋਮਣੀ ਏਜੰਡਿਆਂ ਵੱਲ ਰੱਤੀ ਭਰ ਵੀ ਧਿਆਨ ਨਹੀਂ ਦਿੱਤਾ। ਕਿਸੇ ਵੀ ਦਲ ਲਈ ਸਤਾ ਵਿਚ ਆਉਣ ਵਾਸਤੇ ਇਹ ਮੁੱਦੇ ਮੁੱਦੇ ਹੀ ਨਹੀਂ ਹਨ ਇਸੇ ਲਈ ਕਿਸੇ ਦੇ ਵੀ ਮੈਨੀਫੈਸਟੋ ਵਿਚ ਇਸ ਦਾ ਜ਼ਿਕਰ ਨਹੀਂ ਹੈ। ਹਾਂ ਕਾਂਗਰਸ ਨੇ ਇਸ ਵੱਲ ਵਧਣ ਵੱਲ ਇਸ ਵਾਰ ਇਸ਼ਾਰਾ ਜ਼ਰੂਰ ਦਿੱਤਾ ਹੈ ਪਰ ਪ੍ਰੋਗਰਾਮ ਉਸ ਨੇ ਵੀ ਕੋਈ ਨਹੀਂ ਦਿੱਤਾ।
ਪੰਜਾਬ ਦੇ ਹਿਤਾਂ ਦੀ ਰੱਖਿਆਂ ਕਰਨ ਦੇ ਕੇਜਰੀਵਾਲ ਪ੍ਰਣ ਤੋਂ ਇਹ ਵੀ ਪੁੱਛਿਆ ਜਾਣਾ ਜ਼ਰੂਰੀ ਹੈ ਕਿ ਉਸ ਨੇ ਦਿੱਲੀ ਸਰਕਾਰ ਵਿਚ ਕਿਸੇ 'ਸਿੱਖ' ਨੂੰ ਮੰਤਰੀ ਕਿਉਂ ਨਹੀਂ ਬਣਾਇਆ ? ਹੋਰ ਜੇ ਪਹਿਲਾਂ ਅਕਾਲੀਆਂ ਤੋਂ, ਫਿਰ ਦਿੱਲੀ ਗੁਰਦੁਆਰਾ ਕਮੇਟੀ ਤੋਂ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਿੱਜੀ ਮੁਫ਼ਾਦ ਅਤੇ ਗ਼ਰਜ਼ਾਂ ਪੂਰੀਆਂ ਕਰਨ ਤੋਂ ਬਾਅਦ ਐਨ.ਆਰ.ਆਈ. ਤੋਂ ਵੀ ਮਲਾਈ ਲੈ ਆਉਣ ਵਾਲਾ ਪੱਤਰਕਾਰ ਜਰਨੈਲ ਸਿੰਘ ਜੇ ਇਤਨਾ ਹੀ 'ਇਮਾਨਦਾਰ ? ਅਤੇ ਸੱਚਾ' ਸੀ ਤਾਂ ਉਸ ਨੂੰ ਦਿੱਲੀ ਵਿਚ ਮੰਤਰੀ ਕਿਉਂ ਨਾ ਬਣਾਇਆ ਤੇ ਉਹ ਹੁਣ ਬਾਦਲ ਨੂੰ ਕਿਸ ਮੂੰਹ ਨਾਲ ਹਰਾਏਗਾ ਤੇ ਕਿਵੇਂ ? ਜੇ ਸੁੱਚਾ ਸਿੰਘ ਛੋਟੇਪੁਰ ਤੇ ਜਿਹੜੇ ਅਤੇ ਜਿਤਨੀ ਰਕਮ ਦੇ ਘਪਲੇ ਦੇ ਦੋਸ਼ ਲੱਗੇ ਸਨ , ਜੋ ਕਦੇ ਸਾਬਤ ਨਹੀਂ ਕੀਤੇ ਗਏ; ਤਾਂ ਫਿਰ ਜਰਨੈਲ ਸਿੰਘ ਤੇ ਉਹੀ ਆਰੋਪ ਕੇਜਰੀਵਾਲ ਦੀ ਪਾਰਟੀ ਦੇ ਹੀ ਮੁਖੀਆਂ ਨੇ ਮੀਡੀਏ ਵਿਚ ਪ੍ਰਮਾਣ ਦੇ ਕੇ ਸਾਬਤ ਕਰ ਦਿੱਤੇ ਤਾਂ ਉਹ ਦੋਸ਼ੀ ਕਿਉਂ ਨਹੀਂ ਹੈ ? ਸਿਰਫ਼ ਇਸ ਕਰਕੇ ਕਿ ਦੁਰਗੇਸ਼ ਪਾਠਕ ਅਤੇ ਸੰਜੇ ਸਿੰਹੁ ਦੀ ਹੀ ਤਰ੍ਹਾਂ ਇਸ ਦੇ ਵੀ ਕਥਿਤ ਫ਼ੰਡਾਂ ਦੀ ਭ੍ਰਿਸ਼ਟਣਾ ਵਿਚ ਹਿਤ ਸਾਂਝੇ ਦੱਸੇ ਜਾਂਦੇ ਹਨ ਤਾਂ ? ਜਾਂ ਸਿਰਫ਼ ਇਸ ਲਈ ਕਿ ਇਹ ਵਿਦੇਸ਼ੀ ਪੈਸਾ ਕਮਾ ਕੇ ਲਿਆਉਣ ਵਾਲਾ ਇੱਕ 'ਵਿਕਾਊ ਮਾਲ' "ਸਿੱਖ ਸਿੰਬਲ" ਹੈ, ਇਸ ਲਈ ?
ਜਿਹੜਾ ਕੇਜਰੀਵਾਲ ਕਲ ਤਕ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਦਿੰਦਾ ਸੀ ਕਿ ਉਹ ਬਾਦਲ ਦੇ ਖ਼ਿਲਾਫ਼ ਚੋਣ ਲੜੇ ਅੱਜ ਉਹੀ ਵਿਅਕਤੀ ਕਿਸ ਸਿਆਸੀ ਸਿਧਾਂਤ ਅਤੇ ਵਚਨ ਬੱਧਤਾ ਦੀ ਪਰਪਕਤਾ ਦੀ ਗਰੰਟੀ ਦਿੰਦਾ ਆਖ ਰਿਹਾ ਹੈ ਕਿ ਉਹ ਜਰਨੈਲ ਸਿੰਘ ਨੂੰ ਹਰਾਉਣ ਲਈ ਲੰਬੀ ਗਿਆ ਹੈ ? ਕਾਂਗਰਸ ਦੀ ਤਾਂ ਲੰਬੀ ਹਲਕੇ ਵਿਚ ਫਿਰ ਵੀ 42 ਹਜ਼ਾਰ ਪੱਕੀ ਵੋਟ ਹੈ ਤੇ ਆਪ ਦੀ ਤਾਂ ਹਾਲੇ ਕੋਈ ਵੋਟ ਹੀ ਨਹੀਂ ਹੈ ਫਿਰ ਕੀ ਇਸ ਨੂੰ ਨਹੀਂ ਚਾਹੀਦਾ ਕਿ ਜੇ ਵਾਕੇ ਹੀ ਬਾਦਲ ਨੂੰ ਹਰਾਉਣਾ ਚਾਹੁੰਦੀ ਹੈ ਆਪ ਤਾਂ ਜਰਨੈਲ ਸਿੰਘ ਨੂੰ ਵਾਪਸ ਦਿੱਲੀ ਲੈ ਜਾਏ ? ਉਸ ਦਾ ਅਸਤੀਫ਼ਾ ਹਾਲੇ ਕਿਹੜਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆਂ ਤੇ ਪਰਵਾਨ ਕਰਵਾ ਲਿਆ ਗਿਆ ਹੈ। ਇਹ ਤਾਂ ਭ੍ਰਿਸ਼ਟਤਾ ਰਾਹੀਂ ਮੌਕਾਪ੍ਰਸਤੀ ਦੀ ਹੀ ਕਾਰਵਾਈ ਨਹੀਂ ਤਾਂ ਹੋਰ ਕੀ ਹੈ ? ਇਸ ਪਾਰਟੀ ਤੋਂ ਤਾਂ ਇਹ ਵੀ ਪੁੱਛੇ ਜਾਣ ਦੀ ਲੋੜ ਹੈ ਕਿ ਜਿਸ ਪੰਜਾਬ ਨੇ ਇਸ ਪਾਰਟੀ ਦੀ ਸੰਸਦ ਵਿਚ ਹੋਂਦ ਬਹਾਲ ਕਰ ਸਰਬ ਭਾਰਤੀ ਪਾਰਟੀ ਦਾ ਰੁਤਬਾ ਦਿਵਾਇਆ ਉਨ੍ਹਾਂ ਪੰਜਾਬ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਤਾਂ ਇਸ ਨੇ ਆਪਣੀ ਵੁੱਕਤ ਘਟਣ ਦੇ ਡਰੋਂ ਅੱਜ ਤਕ "ਸੰਸਦੀ ਪਾਰਲੀਮੈਂਟਰੀ ਲੀਡਰ" ਤਕ ਆਮ ਆਦਮੀ ਪਾਰਟੀ ਦਾ ਨਹੀਂ ਬਣਾਇਆ ? ਕੀ ਇਹ ਕੇਜਰੀਵਾਲ ਦਾ ਪੰਜਾਬ ਪ੍ਰਤੀ ਬੇ ਵਿਸ਼ਵਾਸੀ ਦੀ ਮਨੋਬਿਰਤੀ ਦਾ ਪ੍ਰਮਾਣ ਨਹੀਂ ਹੈ ?
ਸੰਸਦੀ ਲੋਕਰਾਜ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਅਤੇ ਸੰਵਿਧਾਨਿਕ ਗਰੰਟੀ ਦੀ ਮਹੱਤਵ ਅਤੇ ਕੀਮਤ ਪਹਿਲਾਂ ਹੀ ਮੁੱਖ ਮੰਤਰੀ ਐਲਾਨ ਕੇ ਕਤਲ ਕਰ ਦਿੱਤੀ ਹੈ। ਪਾਰਟੀ ਸੁਪਰੀਮੋ ਲਈ ਵੋਟ ਮੰਗ ਕੇ ਜਨ ਪ੍ਰਤੀਨਿਧਤਾ ਕਾਨੂੰਨ ਦੀ ਅਤੇ ਪ੍ਰਤੀਨਿਧੀਆਂ ਰਾਹੀਂ ਆਪਣਾ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਹੀ ਖੋਹ ਲਿਆ ਗਿਆ ਹੈ ਤਾਂ ਫਿਰ ਅਜਿਹੀ ਲੋਕਰਾਜੀ ਗੈਰ ਜ਼ਿੰਮੇਵਾਰੀ ਵਾਲੀ ਅਸੰਵਿਧਾਨਿਕ ਅਤੇ ਨਿਰੰਕੁਸ਼ਤਾ ਦਾ ਨੰਗਾਂ ਨਾਚ ਕਰਦੀ ਸਿਆਸਤ ਤੋਂ ਕਿਸ ਲੋਕ ਭਲਾਈ ਤੇ ਲੋਕਰਾਜੀ ਕਦਰਾਂ ਕੀਮਤਾਂ ਦੀ ਆਸ ਰੱਖਦੇ ਹੋ ਤੇ ਕਿਉਂ ਰੱਖਦੇ ਹੋ ? ਇਹ ਚੰਦ ਅਸਲ ਉਹ ਮੁੱਦੇ ਹਨ ਜੋ ਬਦਲ ਭਾਲਣ ਵਾਲੇ ਅਤੇ ਕਿਸੇ ਨਾਲ ਕਿਸੇ ਧੜੇ ਦੀ ਚੌਧਰ ਦੇ ਹੰਕਾਰ ਦੀ ਤ੍ਰਿਪਤੀ ਕਰਨ ਵਾਲੇ ਲਸ਼ਕਰ ਤੋਂ ਪੁੱਛੇ ਜਾਣੇ ਚਾਹੀਦੇ ਹਨ। ਇਸੇ ਦੇ ਜਵਾਬ ਭਾਲਣ ਦੀ ਮਸ਼ੱਕਤ ਵਿਚੋਂ ਹੀ ਲੋਕ ਕਲਿਆਣਕਾਰੀ ਅਤੇ ਸੰਵਿਧਾਨਿਕ ਸਤਾ ਦਾ ਧੁਰਾ ਵਿਕਸਿਤ ਹੋ ਸਕਦਾ ਹੈ। ਗੱਲੀਂ ਬਾਤੀਂ ਸਿਰਫ਼ ਸਵਾਦ ਲਿਆ ਜਾ ਸਕਦਾ ਹੈ ।
ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਲਈ ਦੋਸ਼ੀ ਬਾਦਲ ਸਰਕਾਰ ਅਤੇ ਇਸ ਦੇ ਆਗੂ ਹਨ; ਤਾਂ ਇਨ੍ਹਾਂ ਹੀ ਅਕਾਲੀਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਵਾ ਕੇ ਟਿਕਟਾਂ ਦੇਣ ਵਾਲੇ ਕੇਜਰੀਵਾਲ ਦੋਸ਼ੀ ਕਿਉਂ ਨਹੀਂ ਹਨ ? ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਕੇ ਵਿਧਾਇਕੀ ਛੱਡਣ ਵਾਲਿਆਂ ਨੂੰ ਕਾਂਗਰਸੀ ਹੋਣ ਕਰ ਕੇ ਕਿਵੇਂ ਹਰਾਉਣਗੇ ਤੇ ਅਕਾਲੀ ਦਲ ਵਿਚ ਰਹਿ ਹੁੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਤੇ ਦੜ ਵੱਟ ਚੁੱਪ ਰਹਿਣ ਵਾਲਿਆਂ ਨੂੰ ਹੁਣ ਬਤੌਰ "ਆਪ" ਦੇ ਆਗੂ ਕਿਵੇਂ ਸਵੀਕਾਰ ਕਰਨਗੇ ? ਇਹ ਉਹ ਅਸਲ ਮੁੱਦੇ ਹਨ ਜੋ ਸਿੱਖ ਦੀ ਜ਼ਮੀਰ ਦੀ ਵੀ ਐਤਕੀਂ ਪਰੀਖਿਆ ਲੈਣਗੇ ।
ਇੱਕ ਗੱਲ ਸਪਸ਼ਟ ਹੈ ਕਿ ਤਿੰਨੋਂ ਵੱਡੀਆਂ ਧਿਰਾਂ ਪੰਜਾਬ ਵਿਚ ਚੋਣਾਂ ਕਿਸੇ ਕ੍ਰਾਂਤੀ ਲਈ ਨਹੀਂ ਸਗੋਂ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਕੁੱਟਣ ਅਤੇ ਹੋਰ ਬਰਬਾਦ ਕਰਨ ਲਈ ਹੀ ਲੜੀਆਂ ਜਾ ਰਹੀਆਂ ਹਨ। ਪੰਜਾਬ ਵਿਚ ਚੋਣਾਂ ਸਤਾ ਦੀ ਬਾਂਦਰ ਵੰਡ ਸਿਆਸਤ ਦਾ ਰੂਪ ਧਾਰ ਚੁੱਕੀਆਂ ਹਨ । ਪਹਿਲਾਂ ਸਤਾ ਦੀ ਭ੍ਰਿਸ਼ਟਤਾ ਦੀ ਚੌਧਰ ਰਾਹੀਂ ਦੋ ਬਾਂਦਰ, ਲੋਕ ਹਿਤਾਂ ਦੀ ਵੰਡ ਆਪਣੇ ਨਿੱਜੀ ਗ਼ਰਜ਼ੀ ਧੜਿਆਂ ਦੇ ਹੱਕ ਵਿਚ ਕਰਨ ਲਈ, "ਸਤਾ ਵਪਾਰ ਨੂੰ ਵੰਡਣ ਲਈ" ਤਰਲੋ ਮੱਛੀ ਸਨ ਤੇ ਹੁਣ ਤਿੰਨ ਹੋ ਗਏ ਹਨ। ਫ਼ਰਕ ਸਿਰਫ਼ ਇਤਨਾ ਕੁ ਪਿਆ ਹੈ ਕਿ ਪਹਿਲੇ ਦੋ ਬਾਂਦਰ "ਸਤਾ ਵਪਾਰ ਤੋਂ ਰੱਜੇ ਹੋਏ ਹਨ" ਤੇ ਇਹ ਤੀਸਰਾ "ਭੁੱਖਾ ਪਿਆਸਾ ਹਾਬੜ ਕੇ ਪੈਣ ਲਈ" ਮੈਦਾਨ ਵਿਚ ਪਹਿਲੇ ਦੋਹਾਂ ਦੇ ਹਿੱਸੇ ਵਿਚੋਂ ਹਰ ਹਰਬੇ "ਹਥਿਆਉਣ" ਦੀ ਮੰਦੀ ਨੀਤ ਨੂੰ ਕ੍ਰਾਂਤੀ ਦਾ ਨਾਮ ਦੇ ਕੇ ਮੈਦਾਨ ਵਿਚ ਉੱਤਰਿਆ ਹੈ। ਲੱਗਦਾ ਇਹ ਹੈ ਕਿ ਜੀਵੇਂ ਇਹ ਫਿਰ 2012 ਦੀ ਚੋਣਾਂ ਵਿਚ ਪੀ.ਪੀ.ਪੀ. ਦੀ ਕਾਰਵਾਈ ਨੂੰ ਦੁਹਰਾ ਜਾਵੇਗਾ। ਸ਼ਾਇਦ ਇਸੇ ਲਈ ਹੀ ਇਸ ਨੂੰ ਸਤਾ ਤੇ ਕਾਬਜ਼ ਧਿਰ ਵੱਲੋਂ 'ਸਿੱਖ ਹਿਤੈਸ਼ੀ ਵਜੋਂ ਭਰਵਾਂ ਉਭਾਰਿਆ ਅਤੇ ਦੇਸ਼ ਵਿਦੇਸ਼ ਤੋਂ ਫ਼ੰਡ" ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸਿੱਖ ਕੌਮ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਜਦੋਂ ਜਦੋਂ ਵੀ "ਪੰਡਿਤ, ਬ੍ਰਾਹਮਣ ਅਤੇ ਬਨਿਆ" ਦੀ ਤਿੱਕੜੀ ਸਰਕਾਰ ਤੇ ਕਾਬਜ਼ ਹੁੰਦੀ ਹੈ ਜਾਂ ਸਰਕਾਰ ਇਨ੍ਹਾਂ ਦੇ ਪ੍ਰਭਾਵ ਅਧੀਨ ਹੁੰਦੀ ਹੈ ਤਾਂ ਹਮੇਸ਼ਾ ਹੀ ਸਿੱਖ ਕੌਮ ਦਾ ਖ਼ਾਸ ਕਰ ਕੇ ਅਤੇ ਪੰਜਾਬ ਦਾ ਆਮ ਕਰ ਕੇ ਨੁਕਸਾਨ ਹੀ ਹੁੰਦਾ ਆਇਆ ਹੈ। ਹੋਰ ਅਜਿਹੀ ਸਤਾ ਨਾਲ ਜਦੋਂ ਜਦੋਂ ਵੀ ਲਾਈਲੱਗ ਉੱਤੋਂ ਨਿੱਜ ਗ਼ਰਜ਼ੀ "ਜੱਟ" ਪੰਜਾਬ ਦਾ ਅਤੇ ਸਿੱਖ ਕੌਮ ਦਾ, ਸ਼ਾਸਕ ਬਣਦਾ ਹੈ ਓਦੋਂ ਓਦੋਂ ਹੀ ਸਿੱਖੀ ਦੇ ਬੀਜ ਨਾਸ਼ ਦੀਆਂ ਨੀਤੀਆਂ ਘੜੀਆਂ ਤੇ ਅਮਲ ਵਿਚ ਲਿਆਈਆਂ ਜਾਂਦੀਆਂ ਹਨ। ਜੇ ਵਰਤਮਾਨ ਸਤਾ ਸਰੋਤਾਂ ਦੀ ਗੱਲ ਕਰੀਏ ਤਾਂ ਭਾਰਤ ਦੀ ਕੇਂਦਰ ਸਰਕਾਰ, ਆਪ ਦੀ ਕੇਂਦਰੀ ਲੀਡਰਸ਼ਿਪ, ਬਾਦਲ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਪੰਜ ਤਖ਼ਤ, ਅਕਾਲੀ ਦਲ ਅੰਮ੍ਰਿਤਸਰ, ਸੰਯੁਕਤ ਅਕਾਲੀ ਦਲ, ਅਤੇ ਇਨ੍ਹਾਂ ਦੇ ਪ੍ਰਭਾਵ ਅਧੀਨ ਚੱਲ ਰਹੀਆਂ ਫੈਡਰੇਸ਼ਨਾਂ ਤੇ ਹੋਰ 'ਸੰਸਥਾਵਾਂ'; ਉਪਰੋਕਤ ਚੌਕੜੀ ਦੀ ਹੀ ਗ੍ਰਿਫ਼ਤ ਵਿਚ ਚਲੇ ਆ ਰਹੇ ਹਨ। ਇਹੋ ਮੁੱਖ ਕਾਰਨ ਹੈ ਕਿ ਸ਼ਹੀਦੀਆਂ ਅਤੇ ਅਕੱਥ ਕੁਰਬਾਨੀਆਂ ਤੇ ਨੁਕਸਾਨ ਦੇ ਬਾਵਜੂਦ ਵੀ ਸਿੱਖ ਕੌਮ ਦਾ ਕੁਝ ਨਹੀਂ ਸਵਰ ਅਤੇ ਬਣ ਰਿਹਾ। ਭੋਲੇ ਭਾਲੇ ਸਿੱਖ ਅਜਿਹੀ ਸਤਾ ਨੂੰ "ਪੰਥਕ ਸਤਾ" ਸਮਝ ਅਤੇ ਮੰਨ ਕੇ ਇਨ੍ਹਾਂ ਪਰ ਭਰੋਸਾ ਕਰ ਕੇ "ਆਪਣ ਹਥੀਂ ਆਪਣੀ ਜੜ ਆਪਿ ਉਪਟੈ" ਕਰਦੇ ਚਲੇ ਜਾ ਰਹੇ ਹਨ.......ਹਿੰਦੂਤਵ ਮੁੜ ਮੁੜ ਅਜਿਹੇ ਹੀ ਚੌਕੜੀ ਸ਼ਾਸਕ ਪੰਜਾਬ ਦੀ ਸਰਕਾਰ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਅਜਿਹਾ ਹੀ ਪ੍ਰਬੰਧਕੀ ਨਿਜ਼ਾਮ ਸਥਾਪਿਤ ਕਰਨ ਵਿਚ ਕਾਮਯਾਬੀ ਹਾਸਲ ਕਰਦਾ ਚਲਾ ਆ ਰਿਹਾ ਹੈ। ਫਿਰ ਚਾਹੇ ਧਾਰਮਿਕ, ਵਿੱਦਿਅਕ, ਆਰਥਿਕ, ਸਮਾਜਿਕ, ਬੌਧਿਕ, ਰਾਜਨੀਤਕ ਅਤੇ ਪ੍ਰਸ਼ਾਸਨਿਕ ਖੇਤਰ ਹੀ ਕਿਉਂ ਨਾ ਹੋਣ। ਆਮ ਆਦਮੀ, ਅਕਾਲੀ ਦਲ, ਭਾਜਪਾ ਅਤੇ ਪੰਥਕ ਧੜਿਆਂ ਦੀ ਡੇਰਾ ਵਾਦੀ ਸਿਆਸਤ ਆਰ.ਐਸ.ਐਸ. ਅਤੇ ਹਿੰਦੂਤਵ ਨੂੰ ਸੂਤ ਬੈਠਦੀ ਹੈ।
ਇਸ ਤੋਂ ਬਚਣ ਦਾ ਉਪਾਓ ਕਰਨਾ ਹੀ ਆਪਣੇ ਭਵਿੱਖ ਨੂੰ ਨਸਲਾਂ ਤਾਈਂ ਸੁਰੱਖਿਅਤ ਕਰਨਾ ਹੋਵੇਗਾ। ਜ਼ਬਾਨ ਜਾਂ ਵਾਕ ਤੋਂ ਨਹੀਂ ਲੋੜ ਆਤਮਾ, ਸੋਚ, ਵਿਹਾਰ ਅਤੇ ਜੀਵਨ ਦੇ ਅਮਲ ਵਿਚੋਂ ਸਿੱਖੀ ਦੇ ਨਿੱਤ ਆਚਾਰ ਵਿਚ ਆਉਣਾ ਜ਼ਰੂਰੀ ਹੈ। ਕੇਸਾਧਾਰੀ ਤੇ ਕਕਾਰ ਧਾਰੀ ਹੋ ਜਾਣਾ ਅਮਲੀ ਜੀਵਨ ਵਿਚ ਗੁਰਮਤਿ ਧਾਰੀ ਹੋਣਾ ਨਹੀਂ ਮੰਨਿਆਂ ਜਾ ਸਕਦਾ, ਇਸ ਲਈ ਅਮਲਾਂ ਦੇ ਨਰੀਖਣ ਪਰੀਖਣ ਅਤੇ ਵਿਸ਼ਲੇਸ਼ਣ ਦੀ ਸਖ਼ਤ ਲੋੜ ਹੈ; ਆਗੂ ਚੁਣਨ ਲੱਗਿਆਂ ਇਸ ਲਿਟਮਸ ਪੇਪਰ ਰਾਹੀਂ ਪਰਖਣ ਦੀ ਪਹਿਲੀ ਲੋੜ ਨੂੰ ਸਿੱਖ ਕੌਮ ਨੂੰ ਸਮਝਣਾ ਹੀ ਪੈਣਾ ਹੈ। ਜਦ ਕਿ ਪੰਜਾਬ ਨੂੰ ਲੋੜ ਲੋਕਰਾਜੀ ਸੱਤਾ ਦੇ ਇੱਕ ਸਿਹਤਮੰਦ ਉਸਾਰੂ ਅਤੇ ਸਵੈ ਰਾਜ਼ੀ ਰੋਲ ਮਾਡਲ ਦੀ ਹੈ। ਇਹ ਸਵੈ ਰਾਜ ਦੇ ਲੋਕ ਰਾਜ ਦਾ ਰੋਲ ਮਾਡਲ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਸੰਕਲਪ ਵਿਚੋਂ ਹੀ ਨਿਕਲ ਸਕਦਾ ਹੈ। ਇਹ ਤਾਂ ਨਿਰਮਤ ਹੁੰਦਾ ਹੈ ਜੇ ਕਰ ਇਸ ਹਿਤ ਗ਼ਰਜ਼ਾਂ ਤੋਂ ਉੱਪਰ ਉੱਠ ਕੇ, ਨਿਠ ਕੇ ਜ਼ਮੀਨੀ ਹਕੀਕਤ ਦੀ ਲੋੜ ਅਨੁਸਾਰ ਢਾਂਚਾ ਨਿਰਮਾਣ ਕਰਨ ਲਈ ਘਰ ਘਰ, ਪਿੰਡ ਪਿੰਡ ਹਰ ਦਰ ਤੇ ਜਾ ਕੇ ਕੰਮ ਕੀਤਾ ਜਾਵੇ । ਸਿਰਫ਼ ਇਸੇ ਉਦੇਸ਼ ਦੀ ਪ੍ਰਾਪਤੀ ਲਈ ਸੰਗਠਨ ਖੜ੍ਹਾ ਕੀਤਾ ਜਾਵੇ ਅਤੇ ਇਸ ਨਿਰਮਾਣ ਕਾਰੀ ਪੰਜਾਬ ਦੀ ਬਣਤਰ ਘੜਨ ਲਈ ਪਿੰਡ ਪੱਧਰ ਤੋਂ ਲੀਡਰਸ਼ਿਪ ਖੜੀ ਕੀਤੀ ਅਤੇ ਇਨਰੋਲ ਕੀਤੀ ਜਾਵੇ। ਕਾਸ਼ ਐਨ ਆਰ ਆਈ ਪੰਜਾਬੀ ਤੇ ਖ਼ਾਸ ਕਰ ਸਿੱਖ ਆਪਣੀ ਨਸਲ ਕੁਸ਼ੀ ਤੋਂ ਬਾਅਦ ਇਸ ਨਿਮਿਤ ਨਿੱਤਰਨ ਦੀ ਜੁਰਅਤ ਕਰਦੇ । ਮੈਂ ਭਾਰਤੀ ਸੰਵਿਧਾਨ, ਕਾਨੂੰਨ ਅਤੇ ਲੋਕਰਾਜੀ ਪਿਰਤਾਂ ਦੇ ਅੰਦਰ ਰਹਿ ਕੇ 2005 ਤੋਂ ਇਸ ਹਿਤ ਅਪੀਲ, ਦਲੀਲ, ਲਿਖਤ ਬੱਧ ਪ੍ਰੋਗਰਾਮ ਅਤੇ ਇਸ ਪ੍ਰੋਗਰਾਮ ਨੂੰ ਪੂਰਾ ਕਰਨ ਹਿਤ ਕੰਮ ਕਰਦਾ ਚਲਾ ਆ ਰਿਹਾ ਹਾਂ। ਪਰ ਕੀ ਇਹ ਕੰਮ ਕਿਸੇ ਇਕੱਲੇ ਦੇ ਵੱਸ ਦਾ ਹੈ ? ਹੋਰ ਉਸ ਅਵਸਥਾ ਵਿਚ ਜਦ ਇਸ ਕੰਮ ਨੂੰ ਰੋਕਣ ਲਈ ਸਰਕਾਰੀ ਮਸ਼ੀਨਰੀ, ਅਕਾਲੀ ਦਲ, ਭਾਜਪਾ, ਕਾਂਗਰਸ, ਕਮਿਊਨਿਸਟ, ਪੰਥਕ ਅਕਾਲੀ ਅਤੇ ਖਾੜਕੂ ਧੜੇ, ਦਮਦਮੀ ਟਕਸਾਲ ਤੇ ਹੋਰ ਡੇਰਾ ਵਾਦ, ਹਿੰਦੂ ਸ਼ਿਵ ਸੈਨਾ ਆਦਿ ਦੇ ਜੁਰਮ ਦਾ ਮੇਰਾ ਪੂਰਾ ਪਰਿਵਾਰ ਸ਼ਿਕਾਰ ਬਣਿਆ ਤੇ ਹੁੰਦਾ ਆ ਰਿਹਾ ਹੈ। ਮੈਨੂੰ ਪੰਜਾਬ ਵਿਚ ਸਵੈ ਰਾਜ ਦੀ ਸਤਾ ਦੇ ਇਸ ਬਦਲ ਨੂੰ ਖੜ੍ਹਾ ਕਰਨ ਤੋਂ ਰੋਕਣ ਲਈ ਇਨ੍ਹਾਂ ਸਭਨਾਂ ਨੇ ਅੰਦਰੂਨੀ ਇੱਕਮੁਠਤਾ ਨਾਲ ਪੂਰੀ ਵਾਹ ਲਾਈ ਹੋਈ ਹੈ ਤੇ ਮੇਰਾ ਵਪਾਰ ਤੱਕ ਬੰਦ ਕਰਵਾ ਦਿੱਤਾ ਹੈ। ਇਤਨੀ ਕਠਨਾਈ ਦੇ ਬਾਵਜੂਦ ਦਾਸ ਆਪਣੇ ਸਾਧਨਾਂ ਰਾਹੀਂ ਹੀ ਇਸ ਅਸਲ ਲੁਕਾਈ ਦੀ ਖ਼ਿਦਮਤਗਾਰੀ ਦੀ ਸੇਵਾ ਵਿਚ ਅਕਾਲ ਪੁਰਖ ਦੀ ਮਿਹਰ ਸਦਕਾ ਲੱਗਾ ਹੋਇਆ ਹੈ। ਮੈਨੂੰ ਕਈ ਲੋਕਾਂ ਨੇ ਪੁੱਛਿਆ ਹੈ ਕਿ ਫਿਰ ਪੰਜਾਬ ਵਿਚ ਕੀ ਹੋਣਾ ਚਾਹੀਦਾ ਹੈ ? ਤਾਂ ਮੈਂ ਸਪਸ਼ਟ ਬੇਨਤੀ ਕਰਦਾ ਹਾਂ ਕਿ ਇਸ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਿੱਤੇ ਲੋਕਰਾਜੀ ਸਵਦੇਸ਼ੀ ਸਵਰਾਜ ਦੇ ਬਦਲ ਲਈ ਕੰਮ ਕਰਨਾ ਚਾਹੀਦਾ ਹੈ। ਦੇਸ਼ ਅਤੇ ਵਿਦੇਸ਼ ਵਿਚਲੇ ਪੰਜਾਬੀ ਹੁਣ ਇਤਨੀ ਮਿਹਨਤ ਅਤੇ ਸਬਰ ਦੇ ਹਾਣੀ ਨਹੀਂ ਰਹੇ। ਉਹ ਰਾਤੋਂ ਰਾਤ ਉਬਾਲ ਵਿੱਚੋਂ ਸਤਾ ਪਰਿਵਰਤਨ ਹਿਤ ਲੀਡਰਾਂ ਨੂੰ ਤਲਾ ਵਿਚਲੀਆਂ ਮੱਛੀਆਂ ਵਾਂਗ ਆਪੋ ਆਪਣੀ ਮਰਜ਼ੀ ਪੁਗਾਉਣ ਤੇ ਹੰਕਾਰ ਦੀ ਸੰਤੁਸ਼ਟੀ ਕਰਨ ਹਿਤ ਜਾਲ ਵਿਛਾਉਣ ਦੇ ਆਦੀ ਹੋ ਗਏ ਹਨ। ਅਜਿਹੀ ਯਥਾ ਸਥਿਤੀ ਸਿਸਟਮ ਨੂੰ ਬੜੀ ਰਾਸ ਆਉਂਦੀ ਹੈ ਤੇ ਉਹ ਇਸ ਨੂੰ ਹੱਲਾ ਸ਼ੇਰੀ ਦੇ ਕੇ ਆਪਣੇ ਅਨੁਕੂਲ ਢਾਲਣ ਲਈ ਹੀ ਬਣਾਇਆ ਗਿਆ ਹੈ। ਜਿਹੜਾ ਆਪਣਾ ਕੰਮ ਸਿਸਟਮ ਬੜੀ ਚਲਾਕੀ ਤੇ ਖ਼ੂਬਸੂਰਤੀ ਨਾਲ ਕਰਦਾ ਚਲਾ ਆ ਰਿਹਾ ਹੈ। ਮੈਨੂੰ ਤਾਂ ਇੰਜ ਹੀ ਲੱਗਦਾ ਹੈ ਕਿ ਪੰਜਾਬ ਇੱਕ ਵਾਰ ਫਿਰ ਪੀ.ਪੀ.ਪੀ. ਵਰਗੀ ਕ੍ਰਾਂਤੀ ਵੱਲ ਵੱਧ ਰਿਹਾ ਹੈ।
ਮੈਂ ਕਿਸੇ ਵੀ ਧਿਰ ਦਾ ਨਾ ਸਮਰਥਕ ਹਾਂ ਨਾ ਵਿਰੋਧੀ, ਮੈਂ ਪੰਜਾਬ, ਪੰਥ ਅਤੇ ਸਿੱਖ ਹਿਤਾਂ ਨਾਲ ਗ਼ੱਦਾਰੀ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਅਤੇ ਲੋਕਰਾਜੀ ਕਦਰਾਂ ਕੀਮਤਾਂ ਦਾ ਦਹਿਸ਼ਤਪਸੰਦ ਵਿਰੋਧੀ ਮੰਨਦਾ ਹਾਂ ਤੇ ਅਜਿਹੀ ਦਹਿਸ਼ਤ ਗਰਦੀ ਤੋਂ ਪੰਜਾਬ, ਪੰਥ ਅਤੇ ਸਿੱਖੀ ਨੂੰ ਬਚਾਉਣਾ ਲੋਚਦਾ ਹਾਂ। ਮੈਂ ਚਾਰ ਮਹੀਨੇ ਪਹਿਲਾਂ ਇਸੇ ਸਭ ਕੁਝ ਦੀ ਪੰਜਾਬ ਵਿਚ ਵਾਪਰਨ ਦੀ ਚੇਤਾਵਨੀ ਦਿੱਤੀ ਸੀ ਜੋ ਸੱਚ ਹੁੰਦੀ ਜਾ ਰਹੀ ਹੈ। ਸੱਚ ਬੋਲਣਾ ਹੀ ਕੀ ਗੁਨਾਹ ਹੁੰਦਾ ਹੈ ? ਤੁਸੀਂ ਮੇਰੀ ਵੈੱਬ ਸਾਈਟ ਤੇ ਜਾ ਕੇ ਇਹ 4 ਮਹੀਨੇ ਪਹਿਲਾਂ ਵਾਲਾ ਲੇਖ ਵੀ ਪੜ੍ਹ ਸਕਦੇ ਹੋ, ਜੋ ਨਰੋਏ ਭਵਿੱਖ ਲਈ ਸਿਹਤਮੰਦ ਹੋਵੇਗਾ।
ਪੰਜਾਬੀਆਂ ਦੇ ਆਮ ਸੁਭਾ ਬਿਨਾ ਕੰਮ ਕੀਤੇ ਹਰ ਹਰਬੇ ਅਮੀਰ ਬਣਨ ਦੀ ਭ੍ਰਿਸ਼ਟ ਸੋਚ ਦੇ ਨਾਲ, ਸਤਾ ਵਿਚ ਚੌਧਰ ਅਤੇ ਆਪਣਾ ਫਰਲਾ ਸਰਕਾਰੀ ਦਰਬਾਰੇ ਉੱਚਾ ਚਲਦਾ ਹੈ ਦੀ ਡੀਂਗ ਮਾਰਦੇ ਹੋਏ, ਫੋਕੀ ਹੰਕਾਰੀ ਪ੍ਰਵਿਰਤੀ ਦੀ ਸੰਤੁਸ਼ਟੀ ਲਈ ਚੋਣਾਂ ਵਿਚ ਇੱਕ ਜਾਂ ਦੂਜੀ ਧਿਰ ਦਾ ਸਾਥ ਦੇਣ ਦੀ ਮਨੋਬਿਰਤੀ ਨਾਲ ਸਾਡੀਆਂ ਆਉਂਦੀਆਂ ਨਸਲਾਂ ਦਾ ਭਵਿੱਖ ਅਸੀਂ ਆਪ ਖ਼ਤਮ ਕਰਨ ਦਾ ਗੁਨਾਹ ਖ਼ੁਦ ਕਰ ਰਹੇ ਹਾਂ। ਅਜਿਹੀ ਮਨੋਦਸ਼ਾ ਨਾਲ ਚੋਣਾਂ ਵਿਚ ਹਿੱਸੇਦਾਰ ਬਣਨਾ ਕਿ ਕੀ ਕਰ ਸਕਦੇ ਹਾਂ ਜੋ ਸਾਹਮਣੇ ਹੈ ਚੁਣਨਾ ਤਾਂ ਉਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੂੰ ਹੈ ? ਕਿਸੇ ਨਾ ਕਿਸੇ ਤੇ ਬਿਨਾਂ ਉਸ ਤੋਂ ਹਾਸਲ ਕੀ ਹੋਇਆ ਦਾ ਨਤੀਜਾ ਕੱਢੇ ਦਲਾਂ ਦਾ ਸਾਥ ਦਿੰਦੇ ਹੋਏ ਅਸੀਂ 67 ਸਾਲ ਆਪਣੇ ਆਪ ਨੂੰ ਲਾਚਾਰ ਜਿਹਾ ਬਣਾ ਕੇ ਲੰਘਾਂ ਦਿੱਤੇ ਹਨ ਤੇ ਇਨ੍ਹਾਂ ਚੋਣਾਂ ਵਿਚ ਅਸੀਂ ਆਮ ਆਦਮੀ ਪਾਰਟੀ ਤੋਂ ਧੋਖਾ ਖਾਣ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਹਾਂ । ਕੀ ਇਹ ਸੁਚੇਤ ਵੋਟਰ, ਹੋਸ਼ਮੰਦ ਨਾਗਰਿਕ ਅਤੇ ਸਿਹਤਮੰਦ ਸਭਿਅਤਾ ਦੀ ਨਿਸ਼ਾਨੀ ਹੈ ? ਜਦ ਤੁਸੀਂ ਆਪਣੀ ਇੱਛਾ ਨਾਲ ਆਪਣੀ ਇੱਜ਼ਤ, ਆਬਰੂ, ਧੰਨ, ਦੌਲਤ, ਸਾਧਨ ਅਤੇ ਆਪਣਾ ਭੂਗੋਲਿਕ ਖ਼ਿੱਤਾ ਧਾੜਵੀਆਂ ਨੂੰ ਥਾਲ਼ੀ ਵਿਚ ਪਰੋਸ ਕੇ ਦੇਣ ਲਈ ਉਤਾਵਲੇ ਹੋ ਤਾਂ ਫਿਰ ਕੋਈ ਹੋਰ ਕੀ ਕਰ ਸਕਦਾ ਹੈ । ਮੈਨੂੰ ਲੱਗਦਾ ਹੈ ਪੰਜਾਬ ਨੇ ਆਪਣਾ ਭਵਿੱਖ ਆਪ ਮਾਰ ਮੁਕਾਉਣ ਲਈ ਆਪਣਾ ਰਾਹ ਤੈਅ ਕਰ ਲਿਆ ਹੈ। ਦਲ ਜਿਸ ਮਰਜ਼ੀ ਦੀ ਸਰਕਾਰ ਆਏ ਪਰ ਇਹ ਤੈਅ ਹੈ ਕਿ ਪੰਜਾਬ ਅਤੇ ਪੰਜਾਬ ਦੇ ਲੋਕ ਹਿਤ ਹਾਰ ਰਹੇ ਹਨ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ., ਪਟਿਆਲਾ ਫ਼ੋਨ: 988812365420 ਜਨਵਰੀ 2017
No comments:
Post a Comment